ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੱਜ ਡੇਰਾ ਬਾਬਾ ਨਾਨਕ ਵਿੱਚ ਧੁੱਸੀ ਬੰਨ੍ਹ ਦੇ ਪਾੜ ਨੂੰ ਪੂਰ ਰਹੇ ਲੋਕਾਂ ਨੂੰ ਮਿਲੇ ਅਤੇ ਮੰਗ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ 10 ਹਜ਼ਾਰ ਲਿਟਰ ਡੀਜ਼ਲ ਹੋਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਨੇ 5 ਹਜ਼ਾਰ ਲਿਟਰ ਡੀਜ਼ਲ ਦਿੱਤਾ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਰਕਾਰਾਂ ਵਾਲੇ ਕੰਮ ਲੋਕ ਖ਼ੁਦ ਕਰਨ ਰਹੇ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਸਰਕਾਰਾਂ ਸਿਰਫ਼ ਬਿਆਨਬਾਜ਼ੀ ਕਰ ਕੇ ਸਮਾਂ ਲੰਘਾ ਰਹੀਆਂ ਹਨ ਜਦਕਿ ਲੋਕ ਖੁਦ ਬੰਨ੍ਹ ਬੰਨ੍ਹਣ ਦਾ ਕਾਰਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪਹਿਲੇ ਦਿਨ ਤੋਂ ਲੋਕਾਂ ਦੇ ਨਾਲ ਖੜ੍ਹੀ ਹੈ ਅਤੇ ਹਰ ਸੰਭਵ ਸਹਾਇਤਾ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿਥੇ ਬੰਨ੍ਹਾਂ ਦੀ ਮਜ਼ਬੂਤੀ ਲਈ ਕੰਮ ਕਰ ਰਹੀਆਂ ਸੰਗਤਾਂ ਨੂੰ ਤੇਲ ਮੁਹੱਈਆ ਕਰਵਾਇਆ ਗਿਆ ਹੈ ਉੱਥੇ ਕਿਸਾਨਾਂ ਲਈ ਕਣਕ ਦੇ ਮਿਆਰੀ ਬੀਜ ਅਤੇ ਡੀਜ਼ਲ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਲੋੜਵੰਦਾਂ ਦੀ ਹਰ ਸੰਭਵ ਮਦਦ ਲਈ ਯਤਨਸ਼ੀਲ ਰਹੇਗੀ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਜਸਬੀਰ ਕੌਰ ਜਫਰਵਾਲ, ਬੀਬੀ ਜੋਗਿੰਦਰ ਕੌਰ, ਸਕੱਤਰ ਪ੍ਰਤਾਪ ਸਿੰਘ, ਮੀਤ ਸਕੱਤਰ ਹਰਭਜਨ ਸਿੰਘ ਵਕਤਾ, ਮੈਨੇਜਰ ਸਤਨਾਮ ਸਿੰਘ ਗੋਸਲ, ਮੈਨੇਜਰ ਰਣਜੀਤ ਸਿੰਘ ਕਲਿਆਣਪੁਰ ਸਮੇਤ ਹੋਰ ਹਾਜ਼ਰ ਸਨ।