ਮਨਰੇਗਾ ਮਜ਼ਦੂਰਾਂ ਨੇ ਡੀਸੀ ਦਫ਼ਤਰ ਅੱਗੇ ਦਿੱਤਾ ਧਰਨਾ

ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਡੀਸੀ ਦਫ਼ਤਰ ਬਰਨਾਲਾ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ’ਚ ਔਰਤਾਂ ਨੇ ਵੱਡੀ ਗਿਣਤੀ ’ਚ ਭਾਗ ਲਿਆ। ਮਜ਼ਦੂਰਾਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜੰਮਕੇ ਨਾਰੇਬਾਜ਼ੀ ਕੀਤੀ। ਅਜਮੇਰ ਸਿੰਘ ਅਕਲੀਆ ਦੇ ਇਨਕਲਾਬੀ ਗੀਤਾਂ ਨਾਲ ਧਰਨੇ ਦੀ ਸ਼ੁਰੂਆਤ ਕੀਤੀ। ਸਭ ਤੋਂ ਪਹਿਲਾਂ ਮਜ਼ਦੂਰ ਕਚਹਿਰੀ ਚੌਕ ’ਚ ਇਕੱਠੇ ਹੋਏ, ਜਿਸਤੋਂ ਬਾਅਦ ਮਜ਼ਦੂਰ ਨਾਹਰੇ ਮਾਰਦੇ ਹੋਏ ਮੁਜ਼ਾਹਰੇ ਦੇ ਰੂਪ ’ਚ ਡੀਸੀ ਦਫ਼ਤਰ ਪਹੁੰਚੇ। ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਖੁਸ਼ੀਆ ਸਿੰਘ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਤਿੰਨ ਮਹੀਨਿਆਂ ਤੋਂ ਮਨਰੇਗਾ ਦੇ ਸਾਰੇ ਕੰਮ ਬੰਦ ਕਰ ਦਿੱਤੇ ਹਨ। ਪਿਛਲੇ ਪੰਜ ਮਹੀਨਿਆਂ ਤੋਂ ਜਿਨ੍ਹਾਂ ਮਜ਼ਦੂਰਾਂ ਨੇ ਮਨਰੇਗਾ ਦਾ ਕੰਮ ਕੀਤਾ ਸੀ, ਉਨ੍ਹਾਂ ਦੇ ਦਿਹਾੜੀਆਂ ਦੇ ਪੈਸੇ ਅਜੇ ਤੱਕ ਖਾਤਿਆਂ ’ਚ ਨਹੀਂ ਪਾਏ। ਆਗੂਆਂ ਨੇ ਇਹ ਵੀ ਕਿਹਾ ਕਿ ਬਰਸਾਤਾਂ ਨਾਲ਼ ਹਜ਼ਾਰਾਂ ਲੋਕਾਂ ਦੇ ਘਰ ਡਿੱਗ ਪਏ ਹਨ, ਉਨ੍ਹਾਂ ਦੀਆਂ ਕੰਧਾਂ ਡਿੱਗ ਪਈਆਂ ਹਨ। ਮਜ਼ਦੂਰਾਂ ਦਾ ਕਿਧਰੇ ਕੰਮ ਨਹੀਂ ਚੱਲ ਰਿਹਾ, ਮਜ਼ਦੂਰਾਂ ਦੀਆਂ ਜੇਬਾਂ ’ਚ ਕਿਸੇ ਪਾਸੇ ਤੋਂ ਪੈਸਾ ਨਹੀਂ ਆ ਰਿਹਾ, ਉਹ ਆਪਣੇ ਘਰ ਕਾਹਦੇ ਨਾਲ ਬਣਾਉਣਗੇ। ਆਗੂਆਂ ਨੇ ਸਰਕਾਰ ਦੀਆਂ ਗ਼ਰੀਬ ਮਾਰੂ ਨੀਤੀਆਂ ਦਾ ਵਿਰੋਧ ਕਰਦਿਆਂ ਕਿਹਾ ਕਿ ਅਜੇ ਤੱਕ ਜ਼ਿਲਾ ਅਧਿਕਾਰੀ ਲੋੜਵੰਦ ਲੋਕਾਂ ਦੇ ਵਿਹੜਿਆਂ ਚ ਜਾਕੇ ਮੌਕਾ ਨਹੀਂ ਦੇਖਿਆ। ਆਗੂਆਂ ਨੇ ਮੰਗ ਕੀਤੀ ਕਿ ਬਿਨਾਂ ਕਿਸੇ ਵਿਤਕਰੇ ਤੋਂ ਮਜ਼ਦੂਰਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਜਿਨ੍ਹਾਂ ਲੋਕਾਂ ਦੇ ਡੰਗਰਾਂ ਪਸ਼ੂਆਂ ਦਾ ਨੁਕਸਾਨ ਹੋਇਆ ਹੈ, ਉਹਨਾਂ ਨੂੰ ਵੀ ਯੋਗ ਮੁਆਵਜ਼ਾ ਦਿੱਤਾ ਜਾਵੇ। ਜਿਹੜੇ ਲੋਕ ਘਰਾਂ ’ਚ ਵਿਹਲੇ ਬੈਠੇ ਨੇ, ਉਹਨਾਂ ਨੂੰ ਤੁਰੰਤ ਕੰਮ ਚਲਾਇਆ ਜਾਵੇ। ਆਗੂਆਂ ਨੇ ਇਹ ਵੀ ਕਿਹਾ ਕਿ ਹੜ੍ਹਾਂ ਨਾਲ ਜਿਨ੍ਹਾਂ ਸੜਕਾਂ, ਕੱਚੇ ਰਾਹਾਂ, ਡਰੇਨਾਂ, ਕੱਸੀਆਂ ਆਦਿ ਮਿੱਟੀ ਖਿਸਕਣ ਨਾਲ ਟੁੱਟ ਚੁੱਕੀਆਂ ਹਨ, ਉਨ੍ਹਾਂ ਦੀ ਪੂਰਤੀ ਲਈ ਮਨਰੇਗਾ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਵੇ। ਅੱਜ ਦੇ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਕਾਮਰੇਡ ਜਗਰਾਜ ਰਾਮਾ, ਕਾਮਰੇਡ ਨਛੱਤਰ ਸਿੰਘ ਰਾਮਨਗਰ, ਹੈਂਡੀਕੈਪਟ ਯੂਨੀਅਨ ਦੇ ਆਗੂ ਭੀਮ ਭੂਪਾਲ, ਮਨਜੀਤ ਕੌਰ ਪੱਖੋਂ ਕਲਾਂ, ਵੀਰਪਾਲ ਕੌਰ ਬਰਨਾਲਾ,ਕੌਰ ਸਿੰਘ ਕਲਾਲਮਾਜਰਾ ਆਦਿ ਆਗੂਆਂ ਨੇ ਸੰਬੋਧਨ ਕੀਤਾ।

Scroll to Top