ਸੂਬਾ ਤੇ ਕੇਂਦਰ ਸਰਕਾਰਾਂ ਦੀ ਨਾਕਾਮੀ ਕਾਰਨ ਆਏ ਹੜ੍ਹ: ਵੜਿੰਗ

ਪੰਜਾਬ ’ਚ ਹੜ੍ਹਾਂ ਦੌਰਾਨ ਲੋਕਾਂ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਇਕ ਦੂਜੇ ਦੀ ਮਦਦ ਕੀਤੀ ਹੈ, ਪਰ ਇਹ ਹੜ੍ਹ ਪੰਜਾਬ ਸਰਕਾਰ ਅਤੇ ਕੇਂਂਦਰ ਸਰਕਾਰ ਦੀ ਨਾਕਾਮੀ ਦਾ ਨਤੀਜਾ ਹਨ। ਇਹ ਗੱਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਖੀ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ, ਹਲਕਾ ਇੰਚਾਰਜ ਆਸ਼ੂ ਬੰਗੜ ਅਤੇ ਆੜ੍ਹਤੀਆ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵਿਜੈ ਕਾਲੜਾ ਹਾਜ਼ਰ ਰਹੇ। ਵੜਿੰਗ ਨੇ ਕਿਹਾ ਕਿ ਜੇ ਆਉਣ ਵਾਲੇ ਸਮੇਂ ਵਿੱਚ ਵੀ ਦਰਿਆਵਾਂ ਦੀ ਪੱਕੀ ਵਿਉਂਤਬੰਦੀ ਕਰ ਕੇ ਕੋਈ ਹੱਲ ਨਾ ਕੱਢਿਆ ਗਿਆ ਤਾਂ ਹਰ ਸਾਲ ਹੜ੍ਹ ਪੰਜਾਬ ਦਾ ਨੁਕਸਾਨ ਕਰ ਸਕਦੇ ਹਨ। ਫ਼ੰਡਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦੱਸਿਆ ਗਿਆ ਸਾਢੇ ਬਾਰ੍ਹਾਂ ਹਜ਼ਾਰ ਕਰੋੜ, ਜੋ ਸੂਬਾ ਸਰਕਾਰ ਨੇ ਔਖੇ ਵੇਲੇ ਖਰਚ ਕਰਨਾ ਹੁੰਦਾ ਹੈ, ਲੱਗਦਾ ਹੈ ਕਿ ਇਸ ਨੂੰ ਗ਼ਲਤ ਥਾਂ ’ਤੇ ਖ਼ਰਚਿਆ ਗਿਆ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਪੰਜਾਬ ਸਰਕਾਰ ਵੱਲੋਂ ਇਹ ਪੈਸਾ ਇਸ਼ਤਿਹਾਰਾਂ, ਜਹਾਜ਼ਾਂ ਜਾਂ ਤਨਖਾਹਾਂ ’ਤੇ ਖਰਚ ਕੀਤਾ ਹੋ ਸਕਦਾ ਹੈ। ਇੱਥੇ ਉਨ੍ਹਾਂ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੀ ਵੰਡੀ। ਵੜਿੰਗ ਨੇ ਕਿਹਾ ਕਿ ਕਾਂਗਰਸ ਸਰਕਾਰ ਆਉਣ ’ਤੇ ਕੱਚੀਆਂ ਜ਼ਮੀਨਾਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਜਿਨ੍ਹਾਂ ਕਿਸਾਨਾਂ ਦੀ ਮਾਲਕੀ ਜਗ੍ਹਾ ਵਿੱਚ ਦਰਿਆ ਚੱਲ ਰਿਹਾ ਹੈ ਉਨ੍ਹਾਂ ਨੂੰ ਜ਼ਮੀਨ ਦੀ ਕੀਮਤ ਦਿੱਤੀ ਜਾਵੇਗੀ।

Scroll to Top