ਮਹਾਨ ਕੋਸ਼ ’ਚ ਛਪੀਆਂ ਗ਼ਲਤੀਆਂ ਕਾਰਨ ਪਹਿਲਾਂ ਹੀ ਵਿਵਾਦਾਂ ’ਚ ਆਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੁਣ ਇਸ ਦੀਆਂ ਕਾਪੀਆਂ ਨਸ਼ਟ ਕਰਨ ਦੇ ਤਰੀਕੇ ’ਤੇ ਘਿਰ ਗਈ ਹੈ। ਵੀਰਵਾਰ ਨੂੰ ਯੂਨੀਵਰਿਸਟੀ ’ਚ ਵੱਡੇ ਟੋਏ ਪੁੱਟ ਕੇ ਮਹਾਨ ਕੋਸ਼ ਦੀਆਂ ਕਾਪੀਆਂ ਉਨ੍ਹਾਂ ’ਚ ਸੁੱਟੇ ਜਾਣ ਦੀ ਘਟਨਾ ਤੋਂ ਬਾਅਦ ਵਿਦਿਆਰਥੀਆਂ ’ਚ ਰੋਸ ਦੀ ਲਹਿਰ ਫੈਲ ਗਈ। ਵਿਦਿਆਰਥੀਆਂ ਨੇ ਯੂਨੀਵਰਿਸਟੀ ਦੇ ਗੇਟ ਬੰਦ ਕਰ ਕੇ ਰੋਸ ਮੁਜ਼ਾਹਰਾ ਸ਼ੁਰੂ ਕਰ ਦਿੱਤਾ। ਯੂਨੀਵਰਸਿਟੀ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਵਿਦਿਆਰਥੀਆਂ ਦਾ ਮੁਜ਼ਾਹਰਾ ਦੇਰ ਸ਼ਾਮ ਤੱਕ ਜਾਰੀ ਰਿਹਾ। ਸਿੱਖ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਵੱਲੋਂ 1930 ’ਚ ਤਿਆਰ ਕੀਤਾ ਗਿਆ ਪੰਜਾਬੀ ਦੇ ਲਗਪਗ 80 ਹਜ਼ਾਰ ਸ਼ਬਦਾਂ ਦੇ ਅਰਥਾਂ ਵਾਲਾ ‘ਮਹਾਨ ਕੋਸ਼’ ਕੁਝ ਸਾਲ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਕਾਸ਼ਨ ਵਿਭਾਗ ਵੱਲੋਂ ਛਾਪਿਆ ਗਿਆ ਸੀ। ਪੰਜਾਬੀ ਯੂਨੀਵਰਿਸਟੀ ਦੇ ਇਸ ਐਡੀਸ਼ਨ ’ਚ ਕਈ ਗ਼ਲਤੀਆਂ ਸਾਹਮਣੇ ਆਉਣ ਮਗਰੋਂ ਵਿਦਵਾਨ ਤੇ ਵਿਦਿਆਰਥੀ ਲਗਾਤਾਰ ਇਹ ਮੁੱਦਾ ਚੁੱਕਦੇ ਰਹੇ। ਮਾਮਲਾ ਸਰਕਾਰ ਤੱਕ ਪੁੱਜਾ ਤਾਂ ਇਸ ਦੀਆਂ ਸਾਰੀਆਂ ਕਾਪੀਆਂ ਵਾਪਸ ਲੈ ਕੇ ਨਸ਼ਟ ਕਰਨ ਫ਼ੈਸਲਾ ਕੀਤਾ ਗਿਆ। ਇਸੇ ਤਹਿਤ ਵੀਰਵਾਰ ਨੂੰ ਯੂਨੀਵਰਸਿਟੀ ’ਚ ਵੱਡੇ-ਵੱਡੇ ਟੋਏ ਪੁੱਟ ਕੇ ਇਨ੍ਹਾਂ ’ਚ ਮਹਾਨ ਕੋਸ਼ ਦੀਆਂ ਕਾਪੀਆਂ ਸੁੱਟੀਆਂ ਜਾ ਰਹੀਆਂ ਸਨ। ਇਹ ਦੇਖ ਕੇ ਵਿਦਿਆਰਥੀ ਜਥੇਬੰਦੀਆਂ ਭੜਕ ਗਈਆਂ ਤੇ ਯੂਨੀਵਰਸਿਟੀ ਦੇ ਦੋਵੇਂ ਗੇਟ ਬੰਦ ਕਰ ਕੇ ਰੋਸ ਮੁਜ਼ਾਹਰੇ ’ਤੇ ਬੈਠ ਗਈਆਂ। ਮੌਕੇ ’ਤੇ ਮੋਜੂਦ ਵਿਦਿਆਰਥੀ ਆਗੂਆਂ ਯਾਦਵਿੰਦਰ ਸਿੰਘ ਯਾਦੂ, ਕੁਲਦੀਪ ਸਿੰਘ ਝਿੰਜਰ ਨੇ ਦੋਸ਼ ਲਗਾਇਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਮਹਾਨ ਕੋਸ਼ ਮਿੱਟੀ ’ਚ ਦੱਬਣ ਦੀ ਤਿਆਰੀ ਕਰ ਰਹੀ ਹੈ। ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਛਾਪੇ ਗਏ ਮਹਾਨ ਕੋਸ਼ ’ਚ ਕਰੀਬ 6500 ਐਂਟਰੀਆਂ ਹਨ ਤੇ ਇਨ੍ਹਾਂ 25 ਤੋਂ 30 ਹਜ਼ਾਰ ਗ਼ਲਤੀਆਂ ਹਨ। ਇਤਰਾਜ ਮਗਰੋਂ ਗ਼ਲਤੀਆਂ ਵਾਲੇ ਐਡੀਸ਼ਨ ’ਤੇ ਰੋਕ ਲਗਾ ਕੇ ਉਸ ਦੀਆਂ ਕਾਪੀਆਂ ਨਸ਼ਟ ਕਰਨ ਦੀ ਗੱਲ ਹੋਈ ਸੀ। ਪਰ ਯੂਨੀਵਰਸਿਟੀ ਨੇ ਇਸ ਨੂੰ ਨਸ਼ਟ ਕਰਨ ਦਾ ਜਿਹੜਾ ਤਰੀਕਾ ਅਪਣਾਇਆ ਹੈ ਉਹ ਬੇਅਦਬੀ ਵਾਲਾ ਹੈ। ਯੂਨੀਵਰਿਸਟੀ ਨੇ ਮਹਾਨ ਕੋਸ਼ ਦੀਆਂ ਕਰੀਬ 15 ਹਜ਼ਾਰ ਕਾਪੀਆਂ ਟਰਾਲੀਆਂ ’ਚ ਭਰ ਕੇ ਟੋਇਆਂ ’ਚ ਸੁੱਟ ਦਿੱਤਾ ਹੈ। ਯਾਦਵਿੰਦਰ ਨੇ ਦੱਸਿਆ ਕਿ ਜਦੋਂ ਵਿਦਿਆਰਥੀਆਂ ਨੇ ਇਸ ’ਤੇ ਇਤਰਾਜ਼ ਕੀਤਾ ਤਾਂ ਯੂਨੀਵਰਿਸਟੀ ਪ੍ਰਸ਼ਾਸਨ ਨੇ ਟੋਟਿਆਂ ’ਚ ਪਾਣੀ ਛੱਡ ਦਿੱਤਾ। ਵਿਦਿਆਰਥੀਆਂ ਨੇ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੀ ਕਾਰਵਾਈ ਲਈ ਅਧਿਕਾਰੀਆਂ ਦੀ ਜਿੰਮੇਵਾਰੀ ਤੈਅ ਕਰ ਕੇ ਉਨ੍ਹਾਂ ਨੂੰ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਸ ਦੀਆਂ ਕਾਪੀਆਂ ਨਸ਼ਟ ਕਰਨ ਦਾ ਢੰਗ ਵਿਦਵਾਨਾਂ ਦੀ ਸਲਾਹ ਮੁਤਾਬਕ ਤੈਅ ਹੋਣਾ ਚਾਹੀਦਾ ਹੈ। ਮਹਾਨ ਕੋਸ਼ ’ਚ ਗ਼ਲਤੀਆਂ ਸਬੰਧੀ ਮਾਮਲਾ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਕੋਲ ਪੁੱਜਾ ਸੀ। ਇਸੇ ਸਾਲ ਅਗਸਤ ਮਹੀਨੇ ਕੇਂਦਰੀ ਸਿੰਘ ਸਭਾ ਦੇ ਜਨਰਲ ਸਕੱਤਰ ਡਾ. ਖ਼ੁਸ਼ਹਾਲ ਸਿੰਘ, ਖ਼ਾਲਸਾ ਪੰਚਾਇਤ ਦੇ ਕਨਵੀਨਰ ਰਜਿੰਦਰ ਸਿੰਘ, ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਸਾਬਕਾ ਰਜਿਸਟ੍ਰਾਰ ਡਾ. ਪਿਆਰੇ ਲਾਲ ਗਰਗ, ਸਿੱਖ ਮਿਸ਼ਨਰੀ ਕਾਲਜ ਦੇ ਪਰਮਜੀਤ ਸਿੰਘ ਤੇ ਸਿੱਖ ਸਕਾਲਰ ਅਮਰਜੀਤ ਸਿੰਘ ਦੇ ਵਫ਼ਦ ਨੇ ਸਪੀਕਰ ਨੂੰ ਤੈਅ ਸਮੇਂ ਦੇ ਅੰਦਰ ਮਹਾਨਕੋਸ਼ ਦਾ ਤੁਰਟੀਆਂ ਵਾਲਾ ਐਡੀਸ਼ਨ ਵਾਪਸ ਲੈ ਕੇ ਨਸ਼ਟ ਕਰਨ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਯੂਨੀਵਰਸਿਟੀ ਨੇ 15 ਦਿਨਾਂ ਅੰਦਰ ਸਪੀਕਰ ਦੀ ਹਾਜ਼ਰੀ ’ਚ ਇਸ ਨੂੰ ਵਾਪਸ ਲੈ ਕੇ ਨਸ਼ਟ ਕਰਨ ਦਾ ਭਰੋਸਾ ਦਿੱਤਾ ਸੀ। ਡੀਨ ਅਕਾਦਮਿਕ ਡਾ. ਜਸਵਿੰਦਰ ਸਿੰਘ ਬਰਾੜ ਦਾ ਕਹਿਣਾ ਹੈ ਕਿ ਸਰਕਾਰ ਦੇ ਨਿਰਦੇਸ਼ਾਂ ’ਤੇ ਹੀ ਮਹਾਨਕੋਸ਼ ਦੀਆਂ ਤਰੁਟੀਆਂ ਵਾਲੀਆਂ ਕਾਪੀਆਂ ਨਸ਼ਟ ਕਰਨ ਦਾ ਕੰਮ ਕੀਤਾ ਜਾ ਰਿਹਾ ਸੀ। ਉਨਾਂ ਕਿਹਾ ਕਿ ਇਹ ਕਾਪੀਆਂ ਜਲ ਭੇਟ ਕੀਤੀਆਂ ਜਾ ਰਹੀਆਂ ਸੀ, ਕਿਉਂਕਿ ਯੂਨੀਵਰਸਿਟੀ ਅੰਦਰ ਅਗਨ ਭੇਟ ਸੰਭਵ ਨਹੀਂ। ਵਿਦਿਆਰਥੀਆਂ ਦੇ ਵਿਰੋਧ ’ਤੇ ਉਨਾਂ ਕਿਹਾ ਕਿ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।