ਬਲਵਿੰਦਰ ਸਿੰਘ ਜੇਠੂਵਾਲ ਵੱਲੋਂ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਕਈ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕਰਨ ਦੀ ਮੰਗ ਕੀਤੀ ਗਈ। ਜੇਠੂਵਾਲ ਨੇ ਕਿਹਾ ਕਿ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸੁਧਾਰ ਲਹਿਰ ਨਾਲ ਸਬੰਧਿਤ ਹੋਰ ਆਗੂਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਖੁਲਾਸਾ ਕੀਤਾ ਕਿ 2 ਦਸੰਬਰ 2024 ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਦੀ ਚੰਡੀਗੜ੍ਹ ਰਿਹਾਇਸ਼ ‘ਤੇ ਗਿਆਨੀ ਹਰਪ੍ਰੀਤ ਸਿੰਘ ਨਾਲ ਇਕ ਯੋਜਨਾ ਬਣਾਈ ਗਈ ਸੀ। ਇਸ ਸਾਜਿਸ਼ ਵਿਚ ਸੁਰਜੀਤ ਸਿੰਘ ਰੱਖੜਾ, ਬੀਬੀ ਜਗੀਰ ਕੌਰ, ਗੁਰਪ੍ਰਤਾਪ ਸਿੰਘ ਵਡਾਲਾ ਅਤੇ ਪਰਮਿੰਦਰ ਸਿੰਘ ਢੀਂਡਸਾ ਵੀ ਸ਼ਾਮਲ ਸਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬਤੌਰ ਜਥੇਦਾਰ ਸੁਖਬੀਰ ਸਿੰਘ ਬਾਦਲ ਦੇ ਸ਼ਿਕਾਇਤ ਕਰਤਾਵਾਂ ਨਾਲ ਮਿਲਣਾ ਅਤੇ ਉਨ੍ਹਾਂ ਨੂੰ ਆਪਣੀ ਰਿਹਾਇਸ਼ ‘ਤੇ ਬੁਲਾ ਕੇ ਹਿਦਾਇਤਾਂ ਲੈਣਾ ਵੱਡਾ ਗੁਨਾਹ ਸੀ। ਇਨ੍ਹਾਂ ਤੋਂ ਇਲਾਵਾ ਜੂਨ 2024 ਵਿੱਚ ਵੀ ਰੱਖੜਾ ਤੇ ਚੰਦੂਮਾਜਰਾ ਦਾ ਰਾਜੀਨਾਮਾ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਹੀ ਕਰਵਾਇਆ ਸੀ। ਰੱਖੜਾ ਦੇ ਘਰ ‘ਚ ਹੀ ਸੁਖਬੀਰ ਸਿੰਘ ਬਾਦਲ ਵਿਰੁੱਧ ਸਾਜਿਸ਼ ਰਚੀ ਗਈ ਅਤੇ ਸ਼ਿਕਾਇਤ ਵੀ ਉੱਥੇ ਹੀ ਤਿਆਰ ਹੋਈ। ਉਨ੍ਹਾਂ ਕਿਹਾ ਕਿ 18 ਦਸੰਬਰ 2024 ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਕੀਰਤਨ ਰੋਕ ਕੇ ਨਿੱਜੀ ਭਾਸ਼ਣ ਕੀਤਾ, ਜਿਸ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਦੀ ਮਰਿਆਦਾ ਭੰਗ ਹੋਈ। ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਪਤਿਤ ਪੁੱਤਰ ਦੇ ਅਨੰਦ ਕਾਰਜ ‘ਚ ਅਰਦਾਸ ਕਰਨਾ ਵੀ ਉਨ੍ਹਾਂ ਦੀ ਵੱਡੀ ਗਲਤੀ ਮੰਨੀ ਜਾ ਰਹੀ ਹੈ, ਜਿਸਨੂੰ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਹੀ ਕਬੂਲ ਕਰ ਚੁੱਕੇ ਹਨ। ਬਲਵਿੰਦਰ ਸਿੰਘ ਜੇਠੂਵਾਲ ਨੇ ਦੋਸ਼ ਲਗਾਇਆ ਕਿ 2 ਦਸੰਬਰ 2024 ਦੇ ਹੁਕਮਨਾਮੇ ਕਾਰਣ ਗੁਰਬਾਣੀ ਦੀ ਘੋਰ ਬੇਅਦਬੀ ਹੋਈ ਸੀ। ਇਸ ਤਹਿਤ ਅਕਾਲੀ ਆਗੂਆਂ ਦੇ ਗਲਾਂ ‘ਚ ਤੱਖਤੀਆਂ ਪਾ ਕੇ ਪਾਖਾਨੇ ਸਾਫ ਕਰਨ ਤੇ ਜੂਠੇ ਬਰਤਨ ਸਾਫ ਕਰਦਿਆਂ ਗੁਰਬਾਣੀ ਸ਼ਬਦਾਂ ‘ਤੇ ਗੰਦੀਆਂ ਤੇ ਜੂਠੀਆਂ ਸ਼ਿੱਟਾਂ ਪਈਆਂ ਸਨ। ਬਲਵਿੰਦਰ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦੂਜੇ ਵਿਆਹ ਸਮੇਂ ਮੁੱਖ ਮੰਤਰੀ ਨਿਵਾਸ ਦੇ ਗੇਟ ‘ਤੇ ਹੋਈ ਬੇਅਦਬੀ ਮਾਮਲੇ ‘ਚ ਗਿਆਨੀ ਹਰਪ੍ਰੀਤ ਸਿੰਘ ਨੇ ਜਾਣ ਬੁੱਝ ਕੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਆਪਣੇ ਹੀ ਜਾਰੀ ਕੀਤੇ ਹੁਕਮਨਾਮੇ ਦੀ ਉਲੰਘਣਾ ਵੀ ਕੀਤੀ ਹੈ। ਜੇਠੂਵਾਲ ਨੇ ਕਿਹਾ ਕਿ ਜੋ ਵਿਅਕਤੀ ਅਲੱਗ ਚੁੱਲ੍ਹੇ ਸਮੇਟਣ ਦਾ ਆਦੇਸ਼ ਦਿੰਦਾ ਰਿਹਾ, ਉਸਨੇ ਖੁਦ ਹੀ ਵੱਖਰਾ ਧੜਾ ਬਣਾਇਆ। ਇਸ ਕਾਰਣ 2 ਦਸੰਬਰ 2024 ਦਾ ਹੁਕਮਨਾਮਾ ਰਾਜਨੀਤੀ ਪ੍ਰੇਰਿਤ ਸਾਜਿਸ਼ ਦਿਖਾਈ ਦਿੰਦਾ ਹੈ ਅਤੇ ਗੁਰਮਤਿ ਦੀ ਕਸਵੱਟੀ ‘ਤੇ ਇਸਦਾ ਮੁੜ ਵਿਚਾਰ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਗੰਦੀਆਂ ਗਾਹਲਾਂ ਕੱਢੀਆਂ ਗਈਆਂ, ਜਿਸਨੂੰ ਉਹ ਖੁਦ ਹੀ ਸਵੀਕਾਰ ਚੁੱਕੇ ਹਨ।