ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਅੱਜ ਇੱਕ ਈਮੇਲ ਪ੍ਰਾਪਤ ਹੋਈ, ਜਿਸ ਵਿੱਚ ਕੰਪਲੈਕਸ ’ਚ ਬੰਬ ਰੱਖੇ ਹੋਣ ਦੀ ਧਮਕੀ ਦਿੱਤੀ ਗਈ ਸੀ। ਈਮੇਲ ਮਿਲਣ ਮਗਰੋਂ ਅਦਾਲਤ ਪ੍ਰਸ਼ਾਸਨ ਨੇ ਤੁਰੰਤ ਚੰਡੀਗੜ੍ਹ ਪੁਲੀਸ ਨੂੰ ਸੂਚਿਤ ਕੀਤਾ, ਜਿਸ ਨੇ ਕੰਪਲੈਕਸ ਦੀ ਤਲਾਸ਼ੀ ਲਈ। ਅਧਿਕਾਰੀਆਂ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਹਾਈ ਕੋਰਟ ’ਚੋਂ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਹਾਈ ਕੋਰਟ ਨੂੰ ਧਮਕੀ ਭਰੀ ਈਮੇਲ ਮਿਲਣ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਨੇ ਬੰਬ ਨਕਾਰਾ ਦਸਤੇ ਅਤੇ ਹੋਰ ਸੁਰੱਖਿਆ ਦਸਤੇ ਤਾਇਨਾਤ ਕਰ ਦਿੱਤੇ। ਚੰਡੀਗੜ੍ਹ ਪੁਲੀਸ ਦੇ ਸਬ ਡਿਵੀਜ਼ਨਲ ਅਧਿਕਾਰੀ (ਕੇਂਦਰੀ) ਉਦੈਪਾਲ ਸਿੰਘ ਨੇ ਕਿਹਾ, ‘‘ਹਾਈ ਕੋਰਟ ਦੇ ਰਜਿਸਟਰਾਰ ਨੂੰ ਇੱਕ ਈਮੇਲ ਮਿਲੀ, ਜਿਸ ਮਗਰੋਂ ਪੁਲੀਸ ਨੂੰ ਸੂਚਿਤ ਕੀਤਾ ਗਿਆ। ਬੰਬ ਨਕਾਰਾ ਦਸਤੇ ਅਤੇ ਏਟੀਐੱਸ ਨੇ ਤਲਾਸ਼ੀ ਲਈ। ਕੁੱਝ ਵੀ ਸ਼ੱਕੀ ਨਹੀਂ ਮਿਲਿਆ।’’ ਮਈ ਮਹੀਨੇ ਵੀ ਅਜਿਹੀ ਧਮਕੀ ਮਿਲੀ ਸੀ ਪਰ ਉਦੋਂ ਤਲਾਸ਼ੀ ਦੌਰਾਨ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਸੀ।