ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦੋ ਦਸੰਬਰ ਨੂੰ ਜਾਰੀ ਕੀਤੇ ਗਏ ਹੁਕਮ ’ਤੇ ਬਣਾਈ ਗਈ ਭਰਤੀ ਕਮੇਟੀ ਵੱਲੋਂ ਪੰਜਾਬ, ਬਾਹਰਲੇ ਸੂਬਿਆਂ ਤੇ ਵਿਦੇਸ਼ਾਂ ’ਚ 15 ਲੱਖ ਵਰਕਰਾਂ ਦੀ ਭਰਤੀ ਦਾ ਦਾਅਵਾ ਕਰਦਿਆਂ ਡੈਲੀਗੇਟਾਂ ਦੀ ਚੋਣ ਤੋਂ ਬਾਅਦ ਹੁਣ ਸੋਮਵਾਰ ਨੂੰ ਇਜਲਾਸ ਸੱਦ ਲਿਆ ਹੈ। ਸਵੇਰੇ 11 ਵਜੇ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਹੋਣ ਵਾਲੇ ਇਸ ਇਲਜਾਸ ’ਚ ਪ੍ਰਧਾਨਗੀ ਦੇ ਨਾਲ-ਨਾਲ ਜਥੇਬੰਧਕ ਢਾਂਚਾ ਤੈਅ ਕਰਨ ’ਤੇ ਫ਼ੈਸਲਾ ਹੋਵੇਗਾ। ਭਾਵੇਂ ਇਹ ਧੜਾ ਸ਼੍ਰੋਮਣੀ ਅਕਾਲੀ ਦਲ ਤੇ ਇਸ ਦੇ ਚੋਣ ਨਿਸ਼ਾਨ ਤੱਕੜੀ ’ਤੇ ਦਾਅਵਾ ਕਰਦਾ ਹੈ ਪਰ ਸੂਤਰਾਂ ਮੁਤਾਬਕ ਹੁਣ ਨਵਾਂ ਅਕਾਲੀ ਦਲ ਰਜਿਸਟਰਡ ਕਰਵਾਇਆ ਜਾ ਸਕਦਾ ਹੈ। ਇਸ ਦੀ ਪ੍ਰਧਾਨਗੀ ਲਈ ਸਭ ਤੋਂ ਅੱਗੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਹੈ। ਦੂਜਾ ਨਾਮ ਬੀਬੀ ਸਤਵੰਤ ਕੌਰ ਦਾ ਸੀ, ਜੋ ਹੁਣ ਦੌੜ ਤੋਂ ਬਾਹਰ ਹੁੰਦਾ ਪ੍ਰਚਾਰਿਆ ਜਾ ਰਿਹਾ ਹੈ। ਪਰ ਸਥਿਤੀ ਸੋਮਵਾਰ ਦੀ ਬੈਠਕ ’ਚ ਹੀ ਸਾਫ਼ ਹੋਵੇਗੀ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਬਾਦਲ ਨੇ ਹੱਥ ਜੋੜ ਕੇ ਨਾਰਾਜ਼ ਹੋ ਕੇ ਪਾਰੀਟ ਛੱਡਣ ਵਾਲੇ ਨੇਤਾਵਾਂ ਤੋਂ ਮਾਫ਼ੀ ਮੰਗੀ ਸੀ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਬੇਸ਼ੱਕ ਮੇਰੇ ਤੋਂ ਕੋਈ ਗ਼ਲਤੀ ਹੋਈ ਹੋਵੇ ਤੇ ਮੇਰੇ ਕਾਰਨ ਉਨ੍ਹਾਂ ਦੇ ਮਨ ’ਚ ਨਾਰਾਜ਼ਗੀ ਹੋਵੇ। ਮੈਂ ਉਨ੍ਹਾਂ ਤੋਂ ਮਾਫ਼ੀ ਮੰਗਦਾ ਹਾਂ। ਪੰਜਾਬ ਤੇ ਪੰਜਾਬੀਅਦ ਲਈ ਉਹ ਪਾਰਟੀ ’ਚ ਵਾਪਸ ਆ ਜਾਣ।’ ਸੁਖਬੀਰ ਬਾਦਲ ਨੇ ਜਤਨਕ ਤੌਰ ’ਤੇ ਬੇਸ਼ੱਕ ਮਾਫ਼ੀ ਮੰਗ ਲਈ ਹੋਵੇ ਪਰ ਇਸ ਦਾ ਭਰਤੀ ਕਮੇਟੀ ਦੇ ਮੈਂਬਰਾਂ ’ਤੇ ਕੋਈ ਅਸਰ ਨਹੀਂ ਪਿਆ। ਬਾਗ਼ੀ ਧੜੇ ਦੇ ਆਗੂ ਜਸਬੀਰ ਸਿੰਘ ਘੁੰਮਣ, ਬਲਵਿੰਦਰ ਸਿੰਘ ਜੋੜਾ, ਕੁਲਜੀਤ ਸਿੰਘ, ਰਘਬੀਰ ਸਿੰਘ ਰਾਜਾਸਾਂਸੀ ਨੇ ਕਿਹਾ ਕਿ ਇਜਲਾਸ ਦੀਆਂ ਤਿਆਰੀਆਂ ਮੁਕੰਮਲ ਹਨ। 11 ਵਜੇ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਇਜਲਾਸ ਸ਼ੁਰੂ ਹੋਵੇਗਾ। ਪ੍ਰਧਾਨ ਦੀ ਚੋਣ ਤੋਂ ਬਾਅਦ ਪ੍ਰਧਾਨ ਤੇ ਡੈਲੀਗੇਟ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਣਗੇ। ਪ੍ਰਧਾਨ ਦੇ ਨਾਮ ਸਬੰਧੀ ਚਰਚਾਵਾਂ ਬਾਰੇ ਘੁੰਮਣ ਨੇ ਕਿਹਾ ਕਿ ਇਹ ਸਾਰੀਆਂ ਮੀਡਿਆਂ ਰਿਪੋਰਟਾਂ ਹਨ। ਵਿਧੀ ਵਿਧਾਨ ਮੁਤਾਬਕ ਡੈਲੀਗੇਟ ਦੀ ਮੌਜੂਦਗੀ ’ਚ ਹੀ ਪ੍ਰਧਾਨ ਦਾ ਨਾਮ ਪੇਸ਼ ਹੋਵੇਗਾ, ਜੋ ਇਕ ਤੋਂ ਵੱਧ ਵੀ ਹੋ ਸਕਦੇ ਹਨ। ਚੋਣ ਪ੍ਰਕਿਰਆ ਵਿਧੀ-ਵਿਧਾਨ ਰਾਹੀਂ ਅਰਦਾਸ ਤੋਂ ਬਾਅਦ ਹੀ ਸ਼ੁਰੂ ਹੋਵੇਗੀ। ਇਹ ਮੀਟਿੰਗ ਨਾ ਸਿਰਫ਼ ਪਾਰਟੀ ਦੇ ਭਵਿੱਖ ਲਈ ਮਹੱਤਵਪੂਰਨ ਹੈ, ਸਗੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਰਾਜਨੀਤਿਕ ਭਵਿੱਖ ’ਤੇ ਵੀ ਵੱਡਾ ਪ੍ਰਭਾਵ ਪਾ ਸਕਦੀ ਹੈ। ਬਾਗ਼ੀ ਧੜੇ ਦਾ ਦੋਸ਼ ਹੈ ਕਿ ਮੌਜੂਦਾ ਲੀਡਰਸ਼ਿਪ ਖ਼ਾਸ ਕਰਕੇ ਸੁਖਬੀਰ ਸਿੰਘ ਬਾਦਲ ਪਾਰਟੀ ਨੂੰ ਪੰਥਕ ਸਿਧਾਂਤਾਂ ਤੋਂ ਭਟਕਾ ਰਹੀ ਹੈ ਤੇ ਪਾਰਟੀ ’ਚ ਲੋਕਤੰਤਰੀ ਪਰੰਪਰਾਵਾਂ ਨੂੰ ਕਮਜ਼ੋਰ ਕਰ ਰਹੀ ਹੈ। ਇਹੀ ਕਾਰਨ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਭਰਤੀ ਕਮੇਟੀ ਬਣਾਈ ਤੇ ਨਵੇਂ ਸਿਰਿਓਂ ਪਾਰਟੀ ਪ੍ਰਧਾਨ ਤੇ ਸਾਰਾ ਢਾਂਚਾ ਬਣਾਉਂਣ ਦਾ ਹੁਕਮ ਦਿੱਤਾ ਸੀ। ਬਾਗ਼ੀ ਧੜੇ ਦਾ ਮੰਨਣਾ ਹੈ ਕਿ ਪਾਰਟੀ ’ਚ ਨਵੀਂ ਊਰਜਾ ਤੇ ਭਰੋਸੇਯੋਗਤਾ ਲਿਆਉਂਣ ਲਈ ਲੀਡਰਸ਼ਿਪ ਤਬਦੀਲੀ ਜ਼ਰੂਰੀ ਹੈ। ਕੁਝ ਸੀਨੀਅਰ ਆਗੂਆਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਪੰਥ ਤੇ ਪਾਰਟੀ ਦੀ ਏਕਤਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਸਵੈ-ਇੱਛਾ ਨਾਲ ਅਹੁਦਾ ਛੱਡ ਦੇਣਾ ਚਾਹੀਦਾ ਹੈ। ਇਹ ਇਜਲਾਸ ਅਕਾਲੀ ਰਾਜਨੀਤੀ ’ਚ ਨਵੇਂ ਸਮੀਕਰਨ ਪੈਦਾ ਕਰ ਸਕਦਾ ਹੈ। ਜੇਕਰ ਬਾਗ਼ੀ ਧੜਾ ਆਪਣੇ ਏਜੰਡੇ ’ਚ ਸਫਲ ਹੋ ਜਾਂਦਾ ਹੈ, ਤਾਂ ਪਾਰਟੀ ਦੇ ਦੋ ਧੜੇ ਸੁਖਬੀਰ ਬਾਦਲ ਤੇ ਨਵਾਂ ਪੰਥਕ ਧੜਾ ਵੱਖ-ਵੱਖ ਰਸਤਿਆਂ ’ਤੇ ਹੋਣਗੇ। ਇਸ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤੀ ਖ਼ਤਰੇ ’ਚ ਪੈ ਸਕਦੀ ਹੈ ਤੇ ਇਸ ਦਾ ਪ੍ਰਭਾਵ ਸਿੱਧੇ ਤੌਰ ’ਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾ ’ਤੇ ਪਵੇਗਾ। ਮੀਟਿੰਗ ਦੇ ਸਥਾਨ ਨੂੰ ਲੈ ਕੇ ਵੀ ਸਿਆਸਤ ਹੋਈ। ਪੰਜ ਮੈਂਬਰੀ ਕਮੇਟੀ ਨੇ ਇਹ ਇਜਲਾਸ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ’ਚ ਕਰਨ ਦੀ ਮੰਗ ਕੀਤੀ ਸੀ, ਪਰ ਸ਼੍ਰੋਮਣੀ ਕਮੇਟੀ ਨੇ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਸ਼੍ਰੋਮਣੀ ਕਮੇਟੀ ਨੇ ਭਾਈ ਗੁਰਦਾਸ ਹਾਲ ਦੇਣ ’ਤੇ ਸਹਿਮਤੀ ਦਿੱਤੀ ਪਰ ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਪ੍ਰਕਾਸ਼ ਦੀ ਮੰਗ ਨਾ ਮੰਨੀ। ਹੁਣ ਇਹ ਇਜਲਾਸ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਹੋਣ ਤੈਅ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਸੰਵਿਧਾਨ ਹੀ ਅਪਣਾਏਗੀ ਤੇ ਚੋਣ ਕਮਿਸ਼ਨ ਦੇ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਹੋਣ ਦਾ ਦਾਅਵਾ ਕਰੇਗੀ। ਅਹਿਮ ਗੱਲ ਇਹ ਹੈ ਕਿ ਨਵੀਂ ਪਾਰਟੀ ਬੇਸ਼ੱਕ ਕਮਿਸ਼ਨ ਦੇ ਸਾਹਮਣੇ ਦਾਅਵਾ ਕਰੇ ਪਰ ਉਸ ਨੂੰ ਕਾਨੂੰਨੀ ਗੁੰਝਲਾ ’ਚੋਂ ਲੰਘਣਾ ਪਵੇਗਾ। ਉਸ ਦਾ ਇਕ ਵੱਡਾ ਕਾਰਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਪਹਿਲਾਂ ਹੀ ਭਰਤੀ ਕੀਤੇ ਗਏ ਮੈਂਬਰਾਂ ਦੀ ਸੂਚੀ ਤੇ ਸੁਖਬੀਰ ਬਾਦਲ ਨੂੰ ਨਵਾਂ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਬਾਰੇ ਕਮਿਸ਼ਨ ਨੂੰ ਜਾਣਕਾਰੀ ਦੇ ਚੁੱਕਾ ਹੈ। ਟਕਸਾਲੀ ਆਗੂਆਂ ਨੇ ਇਥੋਂ ਤੱਕ ਸਥਿਤੀ ਨੂੰ ਲਿਆਉਂਣ ਲਈ ਕਈ ਤਰਾਂ ਦੀਆਂ ਸਿਆਸਤਾਂ ਖੇਡੀਆਂ ਤੇ ਕਈ ਵਸੀਲੇ ਕੀਤੇ। ਵੱਡੇ ਚਿਹਰੇ ਸੁਖਬੀਰ ਸਿੰਘ ਬਾਦਲ ਨੂੰ ਛੱਡ ਕੇ ਬਾਗੀ ਹੋਏ। ਜਿਨ੍ਹਾਂ ’ਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਬੀਬੀ ਜਗੀਰ ਕੌਰ, ਗਿਆਨੀ ਹਰਪ੍ਰੀਤ ਸਿੰਘ, ਬੀਬੀ ਸਤਵੰਤ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਮਨਪ੍ਰੀਤ ਸਿੰਘ ਇਆਲੀ, ਗੁਰਪ੍ਰਤਾਪ ਸਿੰਘ ਵਡਾਲਾ, ਇਕਬਾਲ ਸਿੰਘ ਝੂੰਦਾਂ, ਸੁਰਜੀਤ ਸਿੰਘ ਰੱਖੜਾ, ਪਰਮਿੰਦਰ ਸਿੰਘ ਢੀਂਡਸਾ, ਕਰਨੈਲ ਸਿੰਘ ਪੰਜੌਲੀ, ਭਾਈ ਮਨਜੀਤ ਸਿੰਘ, ਕਰਨੈਲ ਸਿੰਘ ਪੀਰ ਮੁਹੰਮਦ, ਚਰਨਜੀਤ ਸਿੰਘ ਬਰਾੜ ਸਮੇਤ ਨਾਵਾਂ ਦੀ ਸੂਚੀ ਲੰਬੀ ਹੈ। ਦਿਲਚਸਬ ਗੱਲ ਇਹ ਹੈ ਕਿ ਇਹ ਨੌਬਤ ਇਥੋਂ ਤੱਕ ਪਹੁੰਚੀ ਕਿਉਂ?। ਪਹਿਲੀ ਜੁਲਾਈ 2024 ਨੂੰ ਬਾਗੀ ਹੋਏ ਅਕਾਲੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਕਾਲੀ ਦਲ ਸੁਧਾਰ ਲਹਿਰ ਤਹਿਤ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਅਕਾਲੀ ਸਰਕਾਰ ਹੁੰਦਿਆਂ ਧਾਰਮਿਕ ਅਵੱਗਿਆ ਦੀ ਧਾਰਮਿਕ ਸਜਾ ਦੇਣ ਲਈ ਮੰਗ ਪੱਤਰ ਸੌਂਪ ਦਿੱਤਾ। ਇਸ ਸਮੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਤੱਤਕਾਲੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਕੱਤਰੇਤ ਪਹੁੰਚੇ ਜਿਥੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਨਣ ਬਾਰੇ ਪੱਤਰਕਾਰ ਵੱਲੋਂ ਚਲਦੀ ਪ੍ਰੈੱਸ ਕਾਨਫਰੰਸ ’ਚ ਸਵਾਲ ਪੁਛਿਆ ਗਿਆ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਹਿ ਦਿੱਤਾ ਕਿ ਮੈਂ ਕਿਸੇ ਇਕ ਧੜੇ ਦਾ ਪ੍ਰਧਾਨ ਨਹੀਂ ਬਣਨਾ ਚਾਹੁੰਦਾ, ਜੇਕਰ ਸਾਰਾ ਪੰਥ ਇਕੱਠਾ ਹੋ ਕੇ ਉਨ੍ਹਾਂ ਪਾਸੋਂ ਪ੍ਰਧਾਨ ਦੀਆਂ ਸੇਵਾਵਾਂ ਲੈਣੀਆਂ ਚਾਹੇ ਤਾਂ ਉਹ ਪ੍ਰਧਾਨ ਬਣ ਸਕਦੇ ਹਨ। ਇਸ ਤੋਂ ਬਾਅਦ ਸੁਖਬੀਰ ਸਿੰਘ ਨੂੰ ਲਾਂਭੇ ਕਰਨ ਲਈ ਪਹਿਲਾਂ ਸਪਸ਼ਟੀਕਰਨ ਮੰਗਿਆ ਗਿਆ, ਫਿਰ 30 ਅਗਸਤ 2024 ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸੱਦ ਕੇ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦੇ ਦਿੱਤਾ ਤੇ ਆਖੀਰ 2 ਦਸੰਬਰ 2024 ਨੂੰ ਸੁਖਬੀਰ ਸਿੰਘ ਬਾਦਲ ਸਮੇਤ ਕਈ ਆਗੂਆਂ ਨੂੰ ਧਾਰਮਿਕ ਸਜਾ ਲਗਾਉਂਣ ਤੋਂ ਇਲਾਵਾ ਨਵੇਂ ਸਿਰੇ ਤੋਂ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ 7 ਮੈਂਬਰੀ ਕਮੇਟੀ ਗਠਤ ਕਰਕੇ ਵਰਕਰਾਂ ਦੀ ਭਰਤੀ ਕਰਨ ਤੇ ਡੈਲੀਗੇਟ ਬਣ ਕੇ ਪ੍ਰਧਾਨ ਚੁਣਨ ਦਾ ਹੁਕਮਨਾਮਾ ਵੀ ਜਾਰੀ ਕਰ ਦਿੱਤਾ, ਭਾਵੇਂ ਹੁਕਮਨਾਮੇ ’ਚ ਵੱਖ ਹੋਏ ਅਕਾਲੀ ਦਲਾ ਨੂੰ ਇਕ ਹੋਣ ਦੀ ਗੱਲ ਕਹੀ ਗਈ ਸੀ ਪਰ ਫਿਰ ਵੀ ਦੋ ਧੜੇ ਹੋ ਗਏ। ਇਕ ਧੜੇ ਨੇ ਆਪਣੀ ਭਰਤੀ ਕਰ ਕੇ 12 ਅਪ੍ਰੈਲ ਨੂੰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਚੁੱਣ ਲਿਆ ਤੇ ਦੂਸਰੇ ਧੜੇ ’ਚ ਪੰਜ ਮੈਂਬਰੀ ਭਰਤੀ ਕਮੇਟੀ ਨੇ ਆਪਣੀ ਵੱਖਰੀ ਭਰਤੀ ਕਰਕੇ ਅੱਜ ਇਜਲਾਸ ਰੱਖ ਲਿਆ ਹੈ। ਗਿਆਨੀ ਹਰਪ੍ਰੀਤ ਸਿੰਘ ਧਾਰਮਿਕ ਸਖਸ਼ੀਅਤ ਹਨ, ਸਿੱਖ ਪੰਥ ਦੇ ਸਰਵਉੱਚ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੰਜ ਸਾਲ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 8 ਸਾਲ ਬਤੌਰ ਜਥੇਦਾਰ ਸੇਵਾ ਨਿਭਾਈ ਹੈ। ਧਾਰਮਿਕ ਗ੍ਰੰਥਾਂ ’ਤੇ ਪੀਐੱਚਡੀ ਨੂੰ ਮੁਕੰਮਲ ਨਾ ਕਰਦਿਆ, ਜਦੋਂ ਅਕਾਲੀ ਦਲ ਦੀ ਪੰਜਾਬ ’ਚ ਹਾਲਤ ਪਤਲੀ ਹੁੰਦੀ ਦੇਖੀ ਤਾਂ ਅਕਾਲੀਆਂ ਦੇ ਇਤਿਹਾਸ ਦੇ ਪੰਨਿਆਂ ਨੂੰ ਫਰੋਲਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਪੰਨਿਆਂ ਨੇ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਦੱਸਿਆ ਕਿ ਜਥੇਦਾਰ ਅਕਾਲੀ ਦਲ ਦੇ ਪ੍ਰਧਾਨ ਦੀ ਵੀ ਸੇਵਾ ਨਿਭਾ ਸਕਦਾ ਹੈ। ਇਸ ਇਸ਼ਾ ਨੂੰ ਪਹਿਲੀ ਜੁਲਾਈ 2024 ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਜੁਬਾਨ ਰਾਹੀ ਆਮ ਲੋਕਾਂ ਅੱਗੇ ਰੱਖ ਦਿੱਤਾ ਸੀ। ਧਾਰਮਿਕ ਵਿੱਦਿਆ ਦੇ ਗਿਆਤਾ ਨੇ ਸਿਆਸੀ ਪੰਨਿਆਂ ਨੂੰ ਪੜ ਕੇ ਸਿਆਸਤ ’ਚ ਪੈਰ ਰੱਖਦਿਆ ਪੰਜ ਮੈਂਬਰੀ ਵੱਲੋਂ ਸ਼ੁਰੂ ਕੀਤੀ 18 ਮਾਰਚ 2025 ਦੀ ਭਰਤੀ ਸਮੇਂ ਸੁਖਬੀਰ ਸਿੰਘ ਬਾਦਲ ਵਾਂਗ ਪਹਿਲੀ ਪਰਚੀ ਆਪਣੇ ਨਾਮ ਕਰ ਲਈ ਸੀ। ਕਿਤੇ ਨਾ ਕਿਤੇ ਗਿਆਨੀ ਹਰਪ੍ਰੀਤ ਸਿੰਘ ਵੀ ਅਕਾਲੀ ਦਲ ਦੇ ਪ੍ਰਧਾਨ ਬਣਨ ਦੀ ਇਸ਼ਾ ਨੂੰ ਆਪਣੇ ਅੰਦਰ ਰੱਖ ਰਹੇ ਸਨ, ਹੁਣ ਸਮਾਂ ਆ ਗਿਆ ਹੈ ਕਿ ਡੈਲੀਗੇਟ ਵੀ ਉਹਨਾਂ ਦੀ ਪ੍ਰਧਾਨਗੀ ਲਈ ਚੋਣ ਕਰਦੇ ਹਨ, ਜਾਂ ਫਿਰ ਸਿਆਸਤ ਭਾਰੀ ਹੋ ਜਾਵੇਗੀ।