ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਤੋਂ ਯੂਟਿਊਬ ਚੈਨਲ ਦੀ ਸ਼ੁਰੂਆਤ, ਐਡਵਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ ਉਦਘਾਟਨ

ਸੰਗਤ ਹੁਣ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਗੁਰਦੁਆਰਾ ਸ਼ਹੀਦ ਗੰਜ ਅੰਮ੍ਰਿਤਸਰ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਨ ਸਰਵਣ ਕਰ ਸਕੇਗੀ। ਇਸ ਸਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਵੱਲੋਂ ਆਪਣਾ ਅਧਿਕਾਰਤ ਯੂਟਿਊਬ ਚੈਨਲ ਸਥਾਪਤ ਕੀਤਾ ਗਿਆ, ਜਿਸ ਦਾ ਰਸਮੀ ਤੌਰ ’ਤੇ ਉਦਘਾਟਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪ੍ਰਮੁੱਖ ਸ਼ਖਸੀਅਤਾਂ ਦੀ ਮੌਜੂਦਗੀ ਵਿੱਚ ਕੀਤਾ ਗਿਆ। ਇਸ ਮੌਕੇ ਐਡਵੋਕਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਸੰਗਤ ਦੀ ਵੱਡੀ ਮੰਗ ਨੂੰ ਵੇਖਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਰਜ਼ ’ਤੇ ਗੁਰਦਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਨ ਸ਼ੁਰੂ ਕਰਨ ਦੀ ਪਹਿਲਕਦਮੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਇੱਕ ਵੱਖਰਾ ਯੂਟਿਊਬ ਚੈਨਲ “ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਆਫੀਸ਼ੀਅਲ” ਸਥਾਪਤ ਕੀਤਾ ਗਿਆ ਹੈ। ਇਸ ਚੈਨਲ ’ਤੇ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਤੱਕ ਸੰਗਤਾਂ ਗੁਰਬਾਣੀ ਕੀਰਤਨ ਸੁਣ ਸਕਣਗੀਆਂ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਹੋਰ ਗੁਰਦੁਆਰਾ ਸਾਹਿਬਾਨ ਤੋਂ ਵੀ ਜਲਦੀ ਹੀ ਗੁਰਬਾਣੀ ਕੀਰਤਨ ਸੰਗਤ ਤੀਕ ਪਹੁੰਚਾਉਣ ਦੇ ਕਾਰਜ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਇਸ ਮੌਕੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਮੈਂਬਰ ਅਮਰਜੀਤ ਸਿੰਘ ਭਲਾਈਪੁਰ, ਬਾਵਾ ਸਿੰਘ ਗੁਮਾਨਪੁਰਾ, ਅਮਰਜੀਤ ਸਿੰਘ ਬੰਡਾਲਾ, ਹਰਜਾਪ ਸਿੰਘ ਸੁਲਤਾਨਵਿੰਡ, ਓਐਸਡੀ ਸਤਬੀਰ ਸਿੰਘ, ਸਕੱਤਰ ਪ੍ਰਤਾਪ ਸਿੰਘ, ਬਲਵਿੰਦਰ ਸਿੰਘ ਕਾਹਲਵਾਂ, ਨਿੱਜੀ ਸਕੱਤਰ ਸ਼ਾਹਬਾਜ਼ ਸਿੰਘ, ਵਧੀਕ ਸਕੱਤਰ ਬਿਜੈ ਸਿੰਘ, ਮੀਤ ਸਕੱਤਰ ਜਸਵਿੰਦਰ ਸਿੰਘ ਜੱਸੀ, ਹਰਭਜਨ ਸਿੰਘ ਵਕਤਾ, ਸਿੱਖ ਵਿਦਵਾਨ ਡਾ. ਅਮਰਜੀਤ ਸਿੰਘ, ਰਣਜੀਤ ਸਿੰਘ ਜਲੰਧਰ ਆਦਿ ਮੌਜੂਦ ਸਨ।

Scroll to Top