ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਹੁਣ ਪੰਜਾਬੀ ਅਤੇ ਸਿੱਖੀ ਨੂੰ ਬਚਾਉਣ ਲਈ ਸਭ ਤੋਂ ਵੱਧ ਯਤਨ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਸਿੱਖ ਧਰਮ ਨਾਲੋਂ ਟੁੱਟ ਕੇ ਹੋਰ ਪਾਸੇ ਗਏ ਲੋਕਾਂ ਨੂੰ ਵਾਪਸ ਲਿਆਉਣ ਲਈ ਇੱਕ ਵਿਸ਼ੇਸ਼ ਲਹਿਰ ਖੜ੍ਹੀ ਕੀਤੀ ਜਾਵੇਗੀ ਤਾਂ ਜੋ ਵਿਸ਼ਵ ’ਚ ਖ਼ਾਲਸੇ ਦਾ ਬੋਲ-ਬਾਲਾ ਮੁੜ ਆਰੰਭ ਕੀਤਾ ਜਾ ਸਕੇ। ਉਹ ਮਾਨਸਾ ਜ਼ਿਲ੍ਹੇ ਦੇ ਧਰਮੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਵੱਖ-ਵੱਖ ਪਿੰਡਾਂ ਵਿੱਚ ਗਏ ਅਤੇ ਉਨ੍ਹਾਂ ਪਰਿਵਾਰਾਂ ਨੂੰ ਸਿੱਖੀ ਦਾ ਸਿਦਕ ਕਾਇਮ ਰੱਖਣ ਲਈ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਦੁਨੀਆ ਭਰ ’ਚ ਸਿੱਖੀ ਦਾ ਬੋਲਬਾਲਾ ਕਾਇਮ ਹੋ ਰਿਹਾ ਹੈ ਪਰ ਇੱਥੇ ਸਿੱਖਾਂ ਨੂੰ ਧਰਮ ਨਾਲੋਂ ਤੋੜ ਕੇ ਹੋਰ ਲਿਜਾਣ ਵਾਲਿਆਂ ਦਾ ਟਾਕਰਾ ਇਕਜੁੱਟ ਹੋ ਕੇ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੁਨੀਆ ਦਾ ਸਭ ਤੋਂ ਵਧੀਆ ਫਲਸਫ਼ਾ ਹੈ, ਜਿਸ ਨਾਲ ਜ਼ਿੰਦਗੀ ਜਿਊਣ ਦਾ ਅਸਲ ਤਰੀਕਾ ਸਮਝ ਆਉਂਦਾ ਹੈ। ਜਥੇਦਾਰ ਨੇ ਕਿਹਾ ਕਿ ਹਰ ਇੱਕ ਸਿੱਖ ਦਾ ਫ਼ਰਜ਼ ਬਣਦਾ ਹੈ ਕਿ ਉਹ ਸਿੱਖ ਧਰਮ ਦਾ ਪ੍ਰਚਾਰ ਕਰੇ, ਹਰ ਘਰ ’ਚੋਂ ਧਰਮ ਦੇ ਪ੍ਰਚਾਰ ਤੇ ਪਸਾਰ ਦੀ ਲਹਿਰ ਸ਼ੁਰੂ ਹੋਵੇ। ਇਸੇ ਦੌਰਾਨ ਜਥੇਦਾਰ ਕੁਲਦੀਪ ਸਿੰਘ ਗੜਗੱਜ 90ਵਿਆਂ ਦੇ ਦਹਾਕੇ ’ਚ ਪੁਲੀਸ ਮੁਕਾਬਲਿਆਂ ’ਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਮਿਲਣ ਦੇ ਪ੍ਰੋਗਰਾਮ ਤਹਿਤ ਪਿੰਡ ਦੋਦੜਾ ਦੇ ਭਾਈ ਛੱਜੂ ਸਿੰਘ ਅਤੇ ਪਿੰਡ ਦਾਤੇਵਾਸ ਦੇ ਭਾਈ ਦਰਸ਼ਨ ਸਿੰਘ, ਜਗਦੀਸ਼ ਸਿੰਘ ਅਤੇ ਸੁਖਦੇਵ ਸਿੰਘ ਪੀਟੀਆਈ ਦੇ ਪਰਿਵਾਰਾਂ ਨੂੰ ਮਿਲੇ। ਧਰਮੀ ਫੌਜੀ ਚਰਨਜੀਤ ਸਿੰਘ, ਜਰਨੈਲ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ। ਪਿੰਡ ਗਾਦੜਪੱਤੀ ਬੋਹਾ ਵਿੱਚ ਭਾਈ ਗਮਦੂਰ ਸਿੰਘ ਬੋਹਾ ਦੇ ਘਰ ਉਨ੍ਹਾਂ ਦੇ ਭਰਾ ਭਾਈ ਜੁਗਿੰਦਰ ਸਿੰਘ ਅਤੇ ਪ੍ਰੋ. ਸਤਗੁਰ ਸਿੰਘ ਸਮੇਤ ਸਿੱਖ ਸੰਘਰਸ਼ ਵਿੱਚ ਸ਼ਹੀਦ ਹੋਏ ਛੇ ਸਿੰਘਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਸ ਮਗਰੋਂ ਉਨ੍ਹਾਂ ਪਿੰਡ ਮਾਨਬੀਬੜੀਆਂ ਨੇੜੇ ਮੂਸਾ ਗੁਰਦੁਆਰਾ ਸਾਹਿਬ ’ਚ ਗੁਰਮਤਿ ਸਮਾਗਮ ਵਿੱਚ ਹਾਜ਼ਰੀ ਭਰੀ। ਇਸ ਮੌਕੇ ਸੁਖਚੈਨ ਸਿੰਘ ਅਤਲਾ, ਹਰਲਾਜ ਸਿੰਘ, ਬਲਦੇਵ ਸਿੰਘ, ਐਡਵੋਕੇਟ ਲਖਵਿੰਦਰ ਸਿੰਘ ਲਖਨਪਾਲ ਤੇ ਅਮਰੀਕ ਸਿੰਘ ਅਤਲਾ ਹਾਜ਼ਰ ਸਨ।