ਸੁਖਬੀਰ ਨੇ ਹਾਲੇ ਤੱਕ ਦਰਜ ਨਹੀਂ ਕਰਾਏ ਬਿਆਨ: ਪੁਲੀਸ

ਪੁਲੀਸ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਹਲਫ਼ਨਾਮਾ ਦਾਇਰ ਕਰ ਕੇ ਦਾਅਵਾ ਕੀਤਾ ਕਿ ਜਾਂਚ ਅਧਿਕਾਰੀ ਵੱਲੋਂ ਕਈ ਸੰਪਰਕ ਕਰਨ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੇ ਮਾਮਲੇ ਵਿੱਚ ਕਈ ਮਹੀਨਿਆਂ ਬਾਅਦ ਵੀ ਉਨ੍ਹਾਂ ਦੇ ਬਿਆਨ ਦਰਜ ਨਹੀਂ ਹੋ ਸਕੇ। ਅੰਮ੍ਰਿਤਸਰ ਪੁਲੀਸ ਨੇ ਇਹ ਦਾਅਵਾ ਉਸ ਸਮੇਂ ਕੀਤਾ ਜਦੋਂ ਸੁਖਬੀਰ ਬਾਦਲ ਨੇ ਆਪਣੇ ’ਤੇ ਹੋਏ ਹਮਲੇ ਦੀ ਜਾਂਚ ਸੀਬੀਆਈ ਜਾਂ ਐੱਨਆਈਏ ਨੂੰ ਸੌਂਪਣ ਸਬੰਧੀ ਪਟੀਸ਼ਨ ਦਾਇਰ ਕੀਤੀ ਹੈ। ਸਹਾਇਕ ਪੁਲੀਸ ਕਮਿਸ਼ਨਰ ਜਸਪਾਲ ਸਿੰਘ ਨੇ 29 ਅਪਰੈਲ ਨੂੰ ਹਾਈ ਕੋਰਟ ਵਿੱਚ ਦਾਇਰ ਹਲਫ਼ਨਾਮੇ ਵਿੱਚ ਕਿਹਾ ਕਿ ਜਾਂਚ ਅਧਿਕਾਰੀ ਨੇ ਸੁਖਬੀਰ ਬਾਦਲ ਨਾਲ ਅੱਠ ਵਾਰ ਸੰਪਰਕ ਕੀਤਾ ਹੈ ਅਤੇ ਜੇ ਉਹ ਸਹਿਮਤੀ ਦਿੰਦੇ ਹਨ ਤਾਂ ਪੁਲੀਸ ਹੁਣ ਵੀ ਉਨ੍ਹਾਂ ਦਾ ਬਿਆਨ ਦਰਜ ਕਰਨ ਲਈ ਤਿਆਰ ਹੈ। ਸੁਖਬੀਰ ਬਾਦਲ ’ਤੇ ਹਮਲੇ ਦੀ ਘਟਨਾ ਪਿਛਲੇ ਸਾਲ 4 ਦਸੰਬਰ ਨੂੰ ਵਾਪਰੀ ਸੀ।

Scroll to Top