ਜਥੇਦਾਰ ਗੜਗੱਜ ਨੇ ਸਾਰੇ ਸਕੂਲਾਂ ’ਚ ਸਿੱਖ ਇਤਿਹਾਸ ਪੜ੍ਹਾਉਣ ‘ਤੇ ਦਿੱਤਾ ਜ਼ੋਰ

ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਅੱਜ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਨਤਮਸਤਕ ਹੋਏ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਜੱਥੇਬੰਦੀ ਵੱਲੋਂ ਜਥੇਦਾਰ ਗੜਗੱਜ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ ਜੀ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ , ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ , ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ, ਬਲਜੀਤ ਸਿੰਘ ਭੁੱਟਾ ਆਦਿ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੇ ਵਿਧਾਨ ਸਭਾ ਦੇ ਬਜਟ ਇਜਲਾਸ ਵਿੱਚ ਇੱਕ ਵਿਧਾਇਕ ਵੱਲੋਂ ਸਕੂਲਾਂ ਵਿੱਚ ਸਿੱਖ ਇਤਿਹਾਸ ਪੜ੍ਹਾਉਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸਿੱਖ ਇਤਿਹਾਸ ਨੂੰ ਸਾਰੇ ਸਕੂਲਾਂ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਇਹ ਬੜੀ ਬਦਕਿਸਮਤੀ ਦੀ ਗੱਲ ਹੈ ਕਿ ਚੱਪੜ ਚਿੜੀ ਦਾ ਮੈਦਾਨ, ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਸਾਡੇ ਯੋਧਿਆਂ ਨੇ ਮੁਗਲੀਆ ਸਲਤਨਤ ਦੀ ਜੜ੍ਹ ਪੁੱਟ ਦਿੱਤੀ ਸੀ, ਅੱਜ ਹਿੰਦੁਸਤਾਨ ਦੇ ਸਕੂਲਾਂ ਦੇ ਇਤਿਹਾਸ ਵਿੱਚ ਸ਼ਾਮਲ ਨਹੀਂ ਹੈ। ਉਨ੍ਹਾਂ ਤੰਜ ਕੱਸਦਿਆਂ ਕਿਹਾ ਕਿ ਜਿਹੜੀਆਂ ਜੰਗਾਂ ਹਾਰੀਆਂ ਗਈਆਂ, ਜਿਵੇਂ ਪਲਾਸੀ ਦੀ ਲੜਾਈ, ਉਨ੍ਹਾਂ ਨੂੰ ਤਾਂ ਰਟਾਇਆ ਜਾ ਰਿਹਾ ਹੈ ਪਰ ਜਿੱਤ ਦੇ ਇਤਿਹਾਸ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਜੇਕਰ ਹਿੰਦੁਸਤਾਨ ਵਿੱਚ ਚੜ੍ਹਦੀ ਕਲਾ ਅਤੇ ਦ੍ਰਿੜਤਾ ਪੈਦਾ ਕਰਨੀ ਹੈ ਤਾਂ ਚੱਪੜ ਚਿੜੀ ਅਤੇ ਸਰਹੰਦ ਦੀ ਦੀਵਾਰ ਵਰਗੇ ਇਤਿਹਾਸਕ ਚੈਪਟਰ ਸਕੂਲਾਂ ਵਿੱਚ ਪੜ੍ਹਾਉਣੇ ਪੈਣਗੇ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਬੇਮਤਲਬ ਦੀਆਂ ਗੱਲਾਂ ਛੱਡ ਕੇ ਅਰਥਪੂਰਨ ਇਤਿਹਾਸ ਪੜ੍ਹਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇ ਜੰਡ ਹੀ ਪੜ੍ਹਾਉਣੀ ਹੈ ਤਾਂ ਨਨਕਾਣਾ ਸਾਹਿਬ ਦੀ ਜੰਡ ਪੜ੍ਹਾਓ, ਜਿੱਥੇ ਭਾਈ ਲਛਮਣ ਸਿੰਘ ਧਾਰੋਵਾਲੀ ਵਰਗੇ ਸੂਰਮਿਆਂ ਨੇ ਗੁਰਧਾਮਾਂ ਲਈ ਜੰਡ ਨਾਲ ਸੜ ਕੇ ਸ਼ਹਾਦਤ ਦਿੱਤੀ ਅਤੇ ਸਾਨੂੰ ਸਿੱਖਿਆ ਦਿੱਤੀ ਕਿ ਅਸੀਂ ਆਪਣੇ ਗੁਰਧਾਮਾਂ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ। ਬੇਅਦਬੀਆਂ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਬਾਰੇ ਉਨ੍ਹਾਂ ਕਿਹਾ ਕਿ ਅਸੀਂ ਇਸ ਦਾ ਨੋਟਿਸ ਲਵਾਂਗੇ। ਉਨ੍ਹਾ ਕਿਹਾ ਕਿ ਪੰਥ ਤਕੜਾ ਹੋਵੇ, ਜਦੋਂ ਪੰਥ ਤਕੜਾ ਹੋ ਗਿਆ ਤਾਂ ਕਿਸੇ ਦੀ ਕੋਈ ਮਜ਼ਾਲ ਨਹੀਂ ਕਿ ਬੇਅਦਬੀ ਕਰ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ ਵਿੱਚ ਤਖਤ ਸਾਹਿਬਾਨ ਦੇ ਜਥੇਦਾਰਾਂ ਵੱਲੋ ਸ਼ਮੂਲੀਅਤ ਨਾ ਕੀਤੇ ਜਾਣ ਸੰਬੰਧੀ ਪ੍ਰਕਾਸਿ਼ਤ ਖਬਰਾਂ ਬਾਰੇ ਜਥੇਦਾਰ ਗੜਗੱਜ ਨੇ ਸਪੱਸ਼ਟ ਕੀਤਾ ਕਿ ਉਹ ਇਸ ਇਜਲਾਸ ਮੌਕੇ ਉੱਥੇ ਜਰੂਰ ਜਾਣਗੇ, ਕੋਈ ਸ਼ਾਮਲ ਹੋਵੇ ਜਾ ਨਾ ਹੋਵੇ । ਇਥੇ ਇਕ ਸਮਾਗਮ ਵਿਚ ਸ਼ਿਰਕਤ ਕਰਦੇ ਹੋਏ ਜਥੇਦਾਰ ਗੜਗੱਜ ਨੇ ਕਿਹਾ ਕਿ ਉਨ੍ਹਾ ਨੇ ਬਹੁਤ ਗਰੀਬੀਰ ਦੇਖੀ ਹੈ। ਉਨ੍ਹਾ ਨੂੰ ਅਖਬਾਰ ਪੜ੍ਹਣ ਦਾ ਸ਼ੋਕ ਸੀ। ਉਹ ਸੜਕਾਂ ਤੋ ਅਖਬਾਰ ਚੁੱਕ ਕੇ ਪੜ੍ਹਦੇ ਸਨ। ਉਨ੍ਹਾ ਨੂੰ ਰੇਡੀਓ ਸੁਣਨ ਦਾ ਸ਼ੋਕ ਸੀ। ਉੁਨ੍ਹਾ ਸੰਨ 2000 ਵਿਚ ਬੜੀ ਮੁਸ਼ਕਲ ਨਾਲ 100 ਰੁਪਿਆ ਇਕੱਠਾ ਕਰ ਕੇ ਇਕ ਰੇਡੀਓ ਲਿਆ ਤਾਂ ਜੋ ਉਹ ਘਰ ਬੈਠ ਕੇ ਦਰਬਾਰ ਸਾਹਿਬ ਤੋ ਗੁਰਬਾਣੀ ਕੀਰਤਨ ਅਤੇ ਖਬਰਾਂ ਸੁਣ ਸਕਣ। ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਤਸਕ ਹੋਣ ਸਮੇਂ ਜਥੇਦਾਰ ਗੜਗੱਜ ਨੇ ਸੰਗਤਾਂ ਨਾਲ ਖੁੱਲ ਕੇ ਗੱਲਬਾਤ ਕੀਤੀ। ਉਨ੍ਹਾ ਸ਼ਰਧਾਲੂਆਂ ਨੂੰ ਰੋਕ ਕੇ ਫਤਹਿ ਬੁਲਾਈ। ਮੱਥਾ ਟੇਕਣ ਆਏ ਨੌਜਵਾਨਾਂ ਨਾਲ ਗੱਲਬਾਤ ਕੀਤੀ। ਜੋ ਸੰਗਤਾਂ ਸੈਲਫੀ ਲੈਣਾ ਚਾਹੁੰਦੀਆਂ ਸੀ ਉਨ੍ਹਾ ਨਾਲ ਸੈਲਫੀ ਵੀ ਲਈ।

Scroll to Top