ਕਿਸਾਨੀ ਮੰਗਾਂ ਦੀ ਪੂਰਤੀ ਲਈ ਸ਼ੰਭੂ, ਢਾਬੀ ਗੁੱਜਰਾਂ ਅਤੇ ਰਤਨਪੁਰਾ ਸਥਿਤ ਅੰਤਰਰਾਜੀ ਬਾਰਡਰਾਂ ਤੇ ਬੈਰੀਅਰਾਂ ’ਤੇ ਕਿਸਾਨ ਮੋਰਚਿਆਂ ਨੂੰ ਅੱਜ 396 ਦਿਨ ਹੋ ਗਏ ਹਨ, ਜਦਕਿ ਢਾਬੀ ਗੁੱਜਰਾਂ ਬਾਰਡਰ ’ਤੇ ਕਿਸਾਨ ਯੂਨੀਅਨ ਏਕਤਾ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 108ਵੇਂ ਦਿਨ ਵੀ ਜਾਰੀ ਰਿਹਾ। ਉਨ੍ਹਾਂ ਤੇ ਹੋਰ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਉਹ ਮੰਗਾਂ ਦੀ ਪੂਰਤੀ ਲਈ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਪੂਰੇ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਮਸਲਿਆਂ ਦੇ ਹੱਲ ਤੱਕ ਅੰਦੋਲਨ ਜਾਰੀ ਰਹੇਗਾ। ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਗੱਲਬਾਤ ਦੀ ਲੜੀ ਤਹਿਤ ਉਨ੍ਹਾਂ ਨੂੰ ਐਤਕੀਂ ਕੇਂਦਰ ਵਲੋਂ ਮੰਗਾਂ ਮੰਨਣ ਦੀ ਆਸ ਹੈ ਤੇ ਇਸ ਤਹਿਤ ਉਹ 19 ਨੂੰ ਹੋਣ ਵਾਲੀ ਅਗਲੀ ਮੀਟਿੰਗ ਵਿਚ ਸ਼ਾਮਲ ਹੋਣਗੇ। ਉਨ੍ਹਾਂ ਨਾਲ ਹੀ ਜ਼ੋਰ ਦੇ ਕਿਹਾ ਕਿ ਅੰਦੋਲਨ ਦੀਆਂ ਸਾਰੀਆਂ ਮੰਗਾਂ ਦੀ ਪੂਰਤੀ ਤੱਕ ਉਹ ਇਥੋਂ ਨਹੀਂ ਜਾਣਗੇ।