ਲੇਲੇਵਾਲਾ ’ਚ ਕਿਸਾਨਾਂ ਅਤੇ ਪੁਲੀਸ ਵਿਚਾਲੇ ਝੜਪ

ਬਹੁਕੌਮੀ ਕੰਪਨੀ ਵੱਲੋਂ ਅੱਜ ਫਿਰ ਪਿੰਡ ਲੇਲੇਵਾਲਾ ਦੇ ਖੇਤਾਂ ਵਿੱਚ ਗੈਸ ਪਾਈਪ ਲਾਈਨ ਦਾ ਕੰਮ ਭਾਰੀ ਪੁਲੀਸ ਬਲ ਦੇ ਜ਼ੋਰ ਨਾਲ ਸ਼ੁਰੂ ਕਰਨ ਨਾਲ ਇਸ ਦਾ ਵਿਰੋਧ ਕਰ ਰਹੇ ਕਿਸਾਨਾਂ ਅਤੇ ਪੁਲੀਸ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਬੀਕੇਯੂ (ਉਗਰਾਹਾਂ) ਦੀ ਅਗਵਾਈ ਹੇਠ ਕਿਸਾਨਾਂ ਨੇ ਕੰਮ ਬੰਦ ਕਰਵਾ ਦਿੱਤਾ। ਅੱਜ ਸਵੇਰੇ ਗੈਸ ਪਾਈਪ ਲਾਈਨ ਕੰਪਨੀ ਨੇ ਆਪਣੀ ਸਾਰੀ ਮਸ਼ੀਨਰੀ ਤੇ ਮੁਲਾਜ਼ਮ ਲਿਆ ਕੇ ਭਾਰੀ ਪੁਲੀਸ ਬਲ ਨਾਲ ਪਿੰਡ ਲੇਲੇਵਾਲਾ ਦੇ ਖੇਤਾਂ ਵਿੱਚ ਪਾਈਪ ਲਾਈਨ ਦਾ ਰਹਿੰਦਾ ਕੰਮ ਆਰੰਭ ਕਰ ਦਿੱਤਾ। ਇਸ ਦੌਰਾਨ ਖੇਤਾਂ ਵੱਲ ਜਾਂਦੇ ਸਾਰੇ ਰਸਤੇ ਪੁਲੀਸ ਨੇ ਬੈਰੀਗੇਡ ਲਾ ਕੇ ਅਤੇ ਅੱਗ ਬੁਝਾਊ ਵਾਹਨ ਲਗਾ ਕੇ ਬੰਦ ਕਰ ਦਿੱਤੇ। ਇਸ ਦਾ ਜਦ ਕਿਸਾਨਾਂ ਨੂੰ ਪਤਾ ਲੱਗਿਆ ਤਾਂ ਜ਼ਿਲ੍ਹੇ ਭਰ ਤੋਂ ਕਿਸਾਨ ਬੀਕੇਯੂ (ਉਗਰਾਹਾਂ) ਦੀ ਅਗਵਾਈ ਹੇਠ ਪਿੰਡ ਦੇ ਗੁਰਦੁਆਰੇ ਵਿੱਚ ਇਕੱਠੇ ਹੋਏ। ਇਸ ਮਗਰੋਂ ਉਨ੍ਹਾਂ ਜ਼ਿਲ੍ਹਾ ਕਿਸਾਨ ਆਗੂ ਜਗਦੇਵ ਸਿੰਘ ਜੋਗੇਵਾਲਾ ਅਤੇ ਜਸਵੀਰ ਸਿੰਘ ਬੁਰਜਸੇਮਾ ਦੀ ਅਗਵਾਈ ਹੇਠ ਕਿਸਾਨਾਂ ਨੇ ਖੇਤਾਂ ਵੱਲ ਚਾਲੇ ਪਾ ਦਿੱਤੇ। ਪਿੰਡ ਦੇ ਬਾਹਰਵਾਰ ਨਾਕੇ ’ਤੇ ਪੁਲੀਸ ਫੋਰਸ ਦੀ ਅਗਵਾਈ ਕਰ ਰਹੇ ਡੀਐੱਸਪੀ ਤਲਵੰਡੀ ਸਾਬੋ ਰਾਜ਼ੇਸ ਸਨੇਹੀ ਨੇ ਕਿਸਾਨਾਂ ਨਾਲ ਗੱਲ ਕਰਨ ਲਈ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਬਿਨਾਂ ਕੁੱਝ ਸੁਣੇ ਜਦ ਨਾਕਾ ਤੋੜਨ ਲੱਗੇ ਤਾਂ ਪੁਲੀਸ ਅਤੇ ਕਿਸਾਨਾਂ ਵਿੱਚ ਝੜਪ ਹੋ ਗਈ। ਕਿਸਾਨ ਪੁਲੀਸ ਦੀਆਂ ਰੋਕਾਂ ਹਟਾਉਂਦੇ ਹੋਏ ਅੱਗੇ ਵਧੇ। ਇਸ ਦੌਰਾਨ ਪੁਲੀਸ ਨੇ ਕਿਸਾਨਾਂ ਤੋਂ ਪਹਿਲਾਂ ਰਜਵਾਹੇ ’ਤੇ ਜਾ ਕੇ ਜੇਸੀਬੀ ਮਸ਼ੀਨ ਪੁਲ ਦੇ ਵਿਚਕਾਰ ਖੜ੍ਹੀ ਕਰਕੇ ਨਾਕਾ ਲਾ ਲਿਆ ਪਰ ਕਿਸਾਨਾਂ ਅਤੇ ਪੁਲੀਸ ਦੀ ਇੱਥੇ ਵੀ ਹੱਥੋਪਾਈ ਹੋਈ ਤੇ ਕਿਸਾਨ ਨਾਕਾ ਤੋੜ ਕੇ ਗੈਸ ਪਾਈਪ ਦੇ ਚੱਲ ਰਹੇ ਕੰਮ ਕੋਲ ਪਹੁੰਚ ਗਏ। ਕਿਸਾਨਾਂ ਦੇ ਵਿਰੋਧ ਕਾਰਨ ਕੰਪਨੀ ਨੂੰ ਕੰਮ ਵਿਚਾਲੇ ਬੰਦ ਕਰਕੇ ਮਸ਼ੀਨਾਂ ਵਾਪਸ ਲਿਜਾਣੀਆਂ ਪਈਆਂ। ਮਸਲੇ ਦੇ ਹੱਲ ਲਈ ਐੱਸਡੀਐੱਮ ਹਰਜਿੰਦਰ ਸਿੰਘ ਜੱਸਲ ਅਤੇ ਹੋਰ ਪੁਲੀਸ ਤੇ ਸਿਵਲ ਅਧਿਕਾਰੀ ਵੀ ਪੁੱਜੇ।

1 thought on “ਲੇਲੇਵਾਲਾ ’ਚ ਕਿਸਾਨਾਂ ਅਤੇ ਪੁਲੀਸ ਵਿਚਾਲੇ ਝੜਪ”

  1. Pingback: xem lịch

Comments are closed.

Scroll to Top