ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਚੰਡੀਗੜ੍ਹ ਧਰਨੇ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਏ ਕਿਸਾਨਾਂ ਨੂੰ ਅਨਾਜ ਮੰਡੀ ਭਵਾਨੀਗੜ੍ਹ ਅਤੇ ਅਨਾਜ ਮੰਡੀ ਘਰਾਚੋਂ ਵਿਖੇ ਪੁਲੀਸ ਵੱਲੋਂ ਰੋਕ ਲਿਆ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬੁਰਜਗਿੱਲ ਦੇ ਜ਼ਿਲ੍ਹਾ ਪ੍ਰਧਾਨ ਕਰਮ ਸਿੰਘ ਬਲਿਆਲ ਅਤੇ ਪ੍ਰੈਸ ਸਕੱਤਰ ਜਗਤਾਰ ਸਿੰਘ ਤੂਰ ਸਮੇਤ ਕਿਸਾਨਾਂ ਦੇ ਕਾਫ਼ਲੇ ਨੂੰ ਅਨਾਜ ਮੰਡੀ ਭਵਾਨੀਗੜ੍ਹ ਵਿਖੇ ਰੋਕਿਆ ਹੋਇਆ ਹੈ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਮਨਜੀਤ ਸਿੰਘ ਘਰਾਚੋਂ, ਹਰਜਿੰਦਰ ਸਿੰਘ ਘਰਾਚੋਂ ਅਤੇ ਹਰਜੀਤ ਸਿੰਘ ਮਹਿਲਾਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਅਨਾਜ ਮੰਡੀ ਘਰਾਚੋਂ ਵਿਖੇ ਰੋਕਿਆ ਗਿਆ ਹੈ। ਇਸੇ ਦੌਰਾਨ ਡੀਐਸਪੀ ਭਵਾਨੀਗੜ੍ਹ ਰਾਹੁਲ ਕਾਂਸਲ ਦੀ ਅਗਵਾਈ ਹੇਠ ਸੈਂਕੜਿਆਂ ਦੀ ਗਿਣਤੀ ਵਿੱਚ ਪੁਲੀਸ ਫੋਰਸ ਵੱਲੋਂ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ’ਤੇ ਸਥਿਤ ਬਾਲਦ ਕੈਂਚੀਆਂ ਵਿਖੇ ਬੈਰੀਗੇਡ ਲਗਾਇਆ ਗਿਆ ਹੈ, ਜਿਥੇ ਹਰ ਵਾਹਨ ਨੂੰ ਚੈੱਕ ਕਰਕੇ ਲੰਘਾਇਆ ਜਾ ਰਿਹਾ ਹੈ।