ਪੰਜਾਬ ਭਰ ਤੋਂ ਪੁੱਜੇ ਦਲਿਤ ਵਰਗ ਦੇ ਹਜ਼ਾਰਾਂ ਲੋਕਾਂ ਵੱਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਝੰਡੇ ਹੇਠ ਇੱਥੇ ਬੀੜ ਐਸ਼ਵਨ ਸਣੇ 927 ਏਕੜ ਜ਼ਮੀਨ ’ਤੇ ਚਿਰਾਗ ਬਾਲ ਕੇ ਇਸ ਜ਼ਮੀਨ ਵਿੱਚ ਬੇਗਮਪੁਰਾ ਪਿੰਡ ਉਸਾਰਨ ਦਾ ਐਲਾਨ ਕੀਤਾ ਗਿਆ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਕਿ ਕਣਕ ਦੀ ਵਾਢੀ ਤੋਂ ਬਾਅਦ ਜ਼ਮੀਨ ’ਤੇ ਕਬਜ਼ਾ ਕੀਤਾ ਜਾਵੇਗਾ ਅਤੇ ਦਲਿਤ ਵਰਗ ਦੇ ਲੋਕ ਝੋਨੇ ਦੀ ਬਿਜਾਈ ਕਰਨਗੇ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਵੱਖ-ਵੱਖ ਜ਼ਿਲ੍ਹਿਆਂ ਤੋਂ ਦਲਿਤ ਵਰਗ ਦੇ ਹਜ਼ਾਰਾਂ ਲੋਕ ਅੱਜ ਇਥੇ ਜ਼ੀਰਕਪੁਰ-ਬਠਿੰਡਾ ਕੌਮੀ ਹਾਈਵੇਅ -7 ਦੇ ਪਟਿਆਲਾ ਬਾਈਪਾਸ ਦੇ ਓਵਰਬ੍ਰਿੱਜ ਹੇਠ ਇਕੱਠੇ ਹੋਏ, ਜਿੱਥੋਂ ਰੋਸ ਮਾਰਚ ਕਰਦੇ ਹੋਏ ਈਲਵਾਲ ਰੋਡ ’ਤੇ ਸਥਿਤ ਬੀੜ ਐਸ਼ਵਨ ਦੇ ਸਾਹਮਣੇ ਵਾਲੀ ਜ਼ਮੀਨ ’ਚ ਗੇਟ ਦਾ ਤਾਲਾ ਤੋੜ ਕੇ ਅੰਦਰ ਦਾਖ਼ਲ ਹੋ ਗਏ। ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਘਰਸ਼ ਕਮੇਟੀ ਦੇ ਜ਼ੋਨਲ ਸਕੱਤਰ ਬਿੱਕਰ ਸਿੰਘ ਹਥੋਆ ਨੇ ਕਿਹਾ ਕਿ ਅੱਜ ਵੀ ਵੱਡੇ ਭੂਮੀਪਤੀਆਂ ਦੇ ਕਬਜ਼ੇ ਹੇਠ ਹਜ਼ਾਰਾਂ ਏਕੜ ਜ਼ਮੀਨ ਹੈ ਅਤੇ ਦਲਿਤਾਂ ਕੋਲ ਸਿਰ ਢਕਣਯੋਗ ਘਰ ਵੀ ਨਹੀਂ ਹਨ। ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਅਤੇ ਜਗਤਾਰ ਤੋਲੇਵਾਲ ਨੇ ਕਿਹਾ ਕਿ ਹੁਣ ਇਸ ਜ਼ਮੀਨ ’ਤੇ ਦਲਿਤਾਂ ਦਾ ਦਾਅਵਾ ਹੈ ਅਤੇ ਕਣਕ ਦੀ ਫ਼ਸਲ ਵੱਢਣ ਤੋਂ ਬਾਅਦ ਕੋਈ ਵੀ ਜ਼ਮੀਨ ਉੱਪਰ ਬਿਜਾਈ ਨਾ ਕਰੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜ਼ਮੀਨ ਹੱਦਬੰਦੀ ਕਾਨੂੰਨ 1972 ਨੂੰ ਤੁਰੰਤ ਲਾਗੂ ਕੀਤਾ ਜਾਵੇ ਅਤੇ ਇਸ ਮੁਤਾਬਕ ਸਾਢੇ ਸਤਾਰਾਂ ਏਕੜ ਤੋਂ ਉੱਪਰਲੀ ਜ਼ਮੀਨ ਦਲਿਤਾਂ, ਬੇਜ਼ਮੀਨੇ ਅਤੇ ਛੋਟੇ ਕਿਸਾਨਾਂ ਵਿੱਚ ਵੰਡੀ ਜਾਵੇ। ਇਸ ਮੌਕੇ ਮੀਤ ਪ੍ਰਧਾਨ ਧਰਮਵੀਰ ਹਰੀਗੜ੍ਹ, ਗੁਰਵਿੰਦਰ ਬੌੜਾਂ ਸ਼ਿੰਗਾਰਾ ਸਿੰਘ ਹੇੜੀਕੇ, ਗੁਰਵਿੰਦਰ ਸ਼ਾਦੀਹਰੀ, ਗੁਰਚਰਨ ਸਿੰਘ ਘਰਾਚੋਂ, ਗੁਰਦਾਸ ਜਲੂਰ, ਜਸਵੀਰ ਕੌਰ ਹੇੜੀਕੇ ਆਦਿ ਨੇ ਸੰਬੋਧਨ ਕੀਤਾ।