ਕਿਸਾਨ ਜਥੇਬੰਦੀਆਂ ਵਿਚਾਲੇ ਏਕੇ ਲਈ ਜ਼ਮੀਨ ਤਿਆਰ

ਪੰਜਾਬ ਦੀਆਂ ਤਿੰਨ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਇੱਥੇ ਕਿਸਾਨ ਭਵਨ ’ਚ ਕੀਤੀ ਮੀਟਿੰਗ ਦੌਰਾਨ ਕਿਸਾਨ ਏਕਤਾ ਲਈ ਜ਼ਮੀਨ ਤਿਆਰ ਹੋ ਗਈ ਹੈ ਪਰ ਮੁਕੰਮਲ ਕਿਸਾਨ ਏਕਤਾ ਹਾਲੇ ਕਈ ਕਦਮ ਦੂਰ ਹੈ। ਕਈ ਘੰਟੇ ਚੱਲੀ ਇਸ ਮੀਟਿੰਗ ’ਚ ਸਾਰੀਆਂ ਧਿਰਾਂ ਦੇ ‘ਘੱਟੋ-ਘੱਟ ਸਾਂਝੇ ਪ੍ਰੋਗਰਾਮ’ ’ਤੇ ਸੁਰ ਤਾਂ ਮਿਲੇ ਹਨ ਪਰ ਕਿਸਾਨ ਜਥੇਬੰਦੀਆਂ ਨੂੰ ਏਕਤਾ ਲਈ ਲੰਮਾ ਮੰਥਨ ਕਰਨਾ ਪਵੇਗਾ। ਤਿੰਨੋਂ ਜਥੇਬੰਦੀਆਂ ਹੁਣ ਆਪੋ ਆਪਣੀਆਂ ਧਿਰਾਂ ਨਾਲ ਵਿਚਾਰ ਵਟਾਂਦਰਾ ਕਰਨ ਮਗਰੋਂ ਜਲਦ ਹੀ ਮੁੜ ਜੁੜਨਗੀਆਂ। ਸੰਯੁਕਤ ਕਿਸਾਨ ਮੋਰਚੇ (ਗ਼ੈਰ-ਸਿਆਸੀ), ਕਿਸਾਨ ਮਜ਼ਦੂਰ ਮੋਰਚੇ ਅਤੇ ਸੰਯੁਕਤ ਕਿਸਾਨ ਮੋਰਚੇ ਨਾਲ ਕਰੀਬ 66 ਕਿਸਾਨ ਜਥੇਬੰਦੀਆਂ ਜੁੜੀਆਂ ਹੋਈਆਂ ਹਨ। ਸੰਯੁਕਤ ਕਿਸਾਨ ਮੋਰਚੇ ਵੱਲੋਂ ਸ਼ੰਭੂ ਤੇ ਖਨੌਰੀ ’ਤੇ ਸੰਘਰਸ਼ ਕਰ ਰਹੀਆਂ ਧਿਰਾਂ ਨਾਲ ਖਰੜਾ ਸਾਂਝਾ ਕੀਤਾ ਗਿਆ ਜਿਸ ’ਤੇ ਕੁਝ ਮਾਮੂਲੀ ਸੋਧਾਂ ਮਗਰੋਂ ਸਹਿਮਤੀ ਬਣੀ। ਅਭਿਮੰਨਿਊ ਕੋਹਾੜ ਦੀ ਆਡੀਓ ਨੂੰ ਲੈ ਕੇ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਵੱਲੋਂ ਦਿੱਤੇ ਬਿਆਨ ’ਤੇ ਵੀ ਚਰਚਾ ਹੋਈ। ਇਹ ਸਹਿਮਤੀ ਬਣੀ ਕਿ ਅੱਗੇ ਤੋਂ ਕੋਈ ਵੀ ਧਿਰ ਇੱਕ-ਦੂਸਰੇ ਖ਼ਿਲਾਫ਼ ਬਿਆਨਬਾਜ਼ੀ ਨਹੀਂ ਕਰੇਗੀ। ਤਿੰਨੋਂ ਕਿਸਾਨ ਮੰਚਾਂ ਦੇ ਆਗੂਆਂ ਨੇ ਦੋ ਘੰਟੇ ਤੱਕ ਮੀਟਿੰਗ ਕੀਤੀ ਅਤੇ ਬਾਅਦ ਵਿੱਚ ਐੱਸਕੇਐੱਮ ਗੈਰ-ਸਿਆਸੀ ਤੇ ਕੇਐੱਮਐੱਮ ਅਤੇ ਦੂਜੇ ਪਾਸੇ ਐੱਸਕੇਐੱਮ ਨੇ ਵੱਖੋ-ਵੱਖਰੀ ਮੀਟਿੰਗ ਵੀ ਕੀਤੀ। ਬੀਕੇਯੂ ਏਕਤਾ-ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ ਕਿਸਾਨੀ ਏਕਤਾ ਦੇ ਰਾਹ ’ਚ ਜੋ ਕਿਸਾਨੀ ਮੰਗਾਂ ਅੜਿੱਕਾ ਬਣੀਆਂ ਹੋਈਆਂ ਸਨ, ਉਨ੍ਹਾਂ ਨੂੰ ਫ਼ਿਲਹਾਲ ਇੱਕ ਪਾਸੇ ਰੱਖ ਕੇ ਘੱਟੋ-ਘੱਟ ਸਾਂਝੇ ਪ੍ਰੋਗਰਾਮ ’ਤੇ ਸੁਰ ਮਿਲੀ ਹੈ। ਉਨ੍ਹਾਂ ਕਿਹਾ ਕਿ ਮੁਕੰਮਲ ਏਕਤਾ ਲਈ ਹਾਲੇ ਸਮਾਂ ਲੱਗੇਗਾ ਪਰ ਵੱਡੀ ਏਕਤਾ ਵੱਲ ਕਦਮ ਵਧੇ ਹਨ। ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਸਭ ਆਗੂ ਸਾਫ਼ ਮਨ ਨਾਲ ਅੱਗੇ ਵਧੇ ਹਨ ਅਤੇ ਨਿੱਕੇ-ਮੋਟੇ ਸ਼ਿਕਵੇ ਦੂਰ ਹੋਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜ ਮਾਰਚ ਨੂੰ ਚੰਡੀਗੜ੍ਹ ਵਿਚ ਮੋਰਚਾ ਲਾਉਣ ਦੇ ਪ੍ਰੋਗਰਾਮ ਵਿੱਚ ਕੋਈ ਤਬਦੀਲੀ ਨਹੀਂ ਹੈ। ਕਿਸਾਨ ਆਗੂ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਹਰ ਜਥੇਬੰਦੀ ਅੱਜ ਦੀ ਮੀਟਿੰਗ ਦੀ ਚਰਚਾ ਆਪੋ-ਆਪਣੇ ਮੰਚ ’ਤੇ ਸਾਂਝੀ ਕਰੇਗੀ। ਉਸ ਮਗਰੋਂ ਅਗਲੀ ਮੀਟਿੰਗ ਹੋਵੇਗੀ। ਅੱਜ ਦੀ ਮੀਟਿੰਗ ’ਚ ਸਾਂਝਾ ਦਸਤਾਵੇਜ਼ ਤਿਆਰ ਕੀਤੇ ਜਾਣ ਦੀ ਗੱਲ ਵੀ ਹੋਈ ਹੈ। ਸਾਰੀਆਂ ਫੋਰਮਾਂ ਦੇ ਜੋ ਆਪਸੀ ਮੱਤਭੇਦ ਸਨ, ਉਨ੍ਹਾਂ ’ਤੇ ਵੀ ਚਰਚਾ ਹੋਈ ਹੈ। ਮੀਟਿੰਗ ਵਿਚ ਜੋਗਿੰਦਰ ਸਿੰਘ ਉਗਰਾਹਾਂ, ਰਮਿੰਦਰ ਸਿੰਘ ਪਟਿਆਲਾ, ਡਾ. ਦਰਸ਼ਨ ਪਾਲ, ਹਰਿੰਦਰ ਸਿੰਘ ਲੱਖੋਵਾਲ, ਸਰਵਣ ਸਿੰਘ ਪੰਧੇਰ, ਅਭਿਮੰਨਿਊ ਕੋਹਾੜ, ਕਾਕਾ ਸਿੰਘ ਕੋਟੜਾ ਆਦਿ ਸ਼ਾਮਲ ਸਨ।

5 thoughts on “ਕਿਸਾਨ ਜਥੇਬੰਦੀਆਂ ਵਿਚਾਲੇ ਏਕੇ ਲਈ ਜ਼ਮੀਨ ਤਿਆਰ”

  1. Pingback: Vad säger budgeten om bilens framtid?

  2. Pingback: À la carte & pfannkuchen

  3. Pingback: เว็บเกมสล็อต Lsm99 ตัวจริงเรื่องแตกง่าย

  4. Pingback: https://spinbetter-vhod-onlain.ru/play

  5. Pingback: ฝาสูบกระบะ

Comments are closed.

Scroll to Top