ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖਾਂ ਨੂੰ ਇਕਜੁੱਟ ਹੋਣ ਦਾ ਸੱਦਾ

ਹਾਲ ਹੀ ਵਿੱਚ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਸਣੇ ਹੋਰ ਅਹੁਦਿਆਂ ਤੋਂ ਫਾਰਗ ਕੀਤੇ ਗਏ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਨਜ਼ਦੀਕੀ ਪਿੰਡ ਚੌਕੀਮਾਨ ਵਿੱਚ ਸਮਾਗਮ ਦੌਰਾਨ ਸਿੱਖਾਂ ਨੂੰ ਆਪਣੀ ਤਾਕਤ ਪਛਾਣਦਿਆਂ ਇਕਜੁੱਟ ਹੋਣ ਦਾ ਸੱਦਾ ਦਿੱਤਾ। ਉਹ ਮਰਹੂਮ ਅਦਾਕਾਰ ਦੀਪ ਸਿੱਧੂ ਦੀ ਯਾਦ ਵਿੱਚ ਕਰਵਾਏ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਹਲਕਾ ਦਾਖਾ ਦੇ ਵਿਧਾਇਕ ਅਤੇ ਅਕਾਲ ਤਖ਼ਤ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਬਣਾਈ ਸੱਤ ਮੈਂਬਰੀ ਨਿਗਰਾਨ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਅੱਜ ਵਿਦੇਸ਼ਾਂ ਵਿੱਚ ਤਾਂ ਸਿੱਖ ਤਾਕਤਵਰ ਹੋ ਰਹੇ ਹਨ ਪਰ ਪੰਜਾਬ ਅੰਦਰ ਜਿੱਥੇ ਇਹ ਸਭ ਤੋਂ ਵੱਧ ਗਿਣਤੀ ਵਿੱਚ ਰਹਿੰਦੇ ਹਨ, ਉੱਥੇ ਆਪਸੀ ਮੱਤਭੇਦਾਂ ਤੇ ਵਖਰੇਵਿਆਂ ਕਾਰਨ ਬਹੁਤ ਕਮਜ਼ੋਰ ਹੋ ਗਏ ਹਨ। ਵਿਧਾਇਕ ਇਆਲੀ ਨੇ ਬਿਨਾਂ ਕਿਸੇ ਦਾ ਨਾਂ ਲਏ ਆਖਿਆ ਕਿ ਜਿੰਨੀ ਦੇਰ ਨਿੱਜੀ ਅਤੇ ਪਰਿਵਾਰਵਾਦ ਤੋਂ ਉੱਪਰ ਨਹੀਂ ਉੱਠਿਆ ਜਾਂਦਾ ਓਨੀ ਦੇਰ ਸਿੱਖਾਂ ਨੂੰ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਹੀ ਪਵੇਗਾ। ਗਿਆਨੀ ਹਰਪ੍ਰੀਤ ਸਿੰਘ ਨੇ ਖ਼ੁਦਮੁਖਤਿਆਰੀ ਦੇ ਗੁਰ ਦੱਸਦਿਆਂ ਕਿਹਾ ਕਿ ਅੱਜ ਜੋ ਸਿੱਖ ਸੰਸਥਾਵਾਂ ’ਤੇ ਕਾਬਜ਼ ਹਨ ਉਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ ਪਰ ਸਿੱਖਾਂ ਦੇ ਵਖਰੇਵੇਂ ਕਰਕੇ ਇਹ ਲੋਕ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਹਨ। ਸਮਾਗਮ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ, ਈਮਾਨ ਸਿੰਘ ਮਾਨ ਤੇ ਜਸਕਰਨ ਸਿੰਘ ਕਾਹਨਸਿੰਘ ਵਾਲਾ ਨੇ ਵੀ ਸੰਬੋਧਨ ਕੀਤਾ। ਅਖ਼ੀਰ ਵਿੱਚ ਦੀਪ ਸਿੱਧੂ ਦੇ ਭਰਾ ਐਡਵੋਕੇਟ ਮਨਦੀਪ ਸਿੱਧੂ ਨੇ ਸਾਰਿਆਂ ਦਾ ਧੰਨਵਾਦ ਕੀਤਾ।

Scroll to Top