ਇੱਥੇ ਭਾਰਤ ਮਾਲਾ ਪ੍ਰਾਜੈਕਟ ਅਧੀਨ ਬਣ ਰਹੀ ਸੜਕ ਲਈ ਜ਼ਮੀਨਾਂ ਐਕੁਆਇਰ ਕਰਨ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦਾ ਪੱਕਾ ਮੋਰਚਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਜਥੇਬੰਦੀ ਦੇ ਬਲਾਕ ਪ੍ਰਧਾਨ ਜਗਸੀਰ ਸਿੰਘ ਸ਼ਹਿਣਾ ਦੀ ਅਗਵਾਈ ਹੇਠ ਕਿਸਾਨਾਂ ਨੇ ਇਹ ਪੱਕਾ ਮੋਰਚਾ ਭਾਰਤ ਮਾਲਾ ਸੜਕ ’ਤੇ ਲਾਇਆ ਹੋਇਆ ਹੈ। ਮੋਰਚੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਨੇ ਕਿਹਾ ਕਿ ਧੱਕੇ ਨਾਲ ਜ਼ਮੀਨ ਐਕੁਆਇਰ ਕਰਨ ਨਹੀਂ ਦਿੱਤੀ ਜਾਵੇਗੀ। ਆਉਣ ਵਾਲੇ ਦਿਨਾਂ ’ਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲਗਪਗ 50 ਤੋਂ 60 ਕਿਸਾਨਾਂ ਨੇ ਹਾਲੇ ਤੱਕ ਮੁਆਵਜ਼ੇ ਦੇ ਪੈਸੇ ਨਹੀਂ ਲਏ ਅਤੇ ਇਨ੍ਹਾਂ ਦੀ ਜ਼ਮੀਨ ਜਬਰੀ ਐਕੁਆਇਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਦਾ ਮਾਰਕੀਟ ਰੇਟ 3 ਕਰੋੜ ਤੋਂ ਵੱਧ ਹੈ ਤੇ ਸਰਕਾਰ 14.5 ਲੱਖ ਰੁਪਏ ਪਾ ਰਹੀ ਹੈ ਪਰ ਕਿਸਾਨ ਇਸ ਕੀਮਤ ’ਤੇ ਸਹਿਮਤ ਨਹੀਂ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਜ਼ਮੀਨ ’ਤੇ ਕਬਜ਼ੇ ਦੀ ਕੋਸ਼ਿਸ਼ ਕਰਦਿਆਂ ਕਿਸਾਨਾਂ ਦੀ ਫਸਲ ਵਾਹ ਦਿੱਤੀ ਹੈ। ਇਸ ਲਈ ਇਨ੍ਹਾਂ ਕਿਸਾਨਾਂ ਨੂੰ ਫ਼ਸਲ ਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ ’ਤੇ ਕਿਸਾਨਾਂ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਜਥੇਬੰਦੀ ਦੇ ਬਲਾਕ ਜਨਰਲ ਸਕੱਤਰ ਭਿੰਦਾ ਸਿੰਘ ਢਿੱਲਵਾਂ, ਜ਼ਿਲ੍ਹਾ ਪ੍ਰੈੱਸ ਸਕੱਤਰ ਕਰਮਜੀਤ ਸਿੰਘ ਭਦੌੜ, ਜ਼ਿਲ੍ਹਾ ਆਗੂ ਮੇਵਾ ਸਿੰਘ, ਬਲਾਕ ਪ੍ਰੈੱਸ ਸਕੱਤਰ ਵਜ਼ੀਰ ਸਿੰਘ ਭਦੌੜ, ਬਿੰਦਰ ਸਿੰਘ ਵਿਧਾਤਾ, ਬਹਾਦਰ ਸਿੰਘ ਢਿੱਲਵਾਂ, ਸੋਨੀ ਚੀਮਾ, ਸੁਖਦੇਵ ਸਿੰਘ ਗਿੱਲ ਕੋਠੇ, ਜਗਜੀਤ ਸਿੰਘ ਅਲਕੜਾ ਤੇ ਜੀਤ ਸਿੰਘ ਉੱਗੋਕੇ ਆਦਿ ਮੋਰਚੇ ਵਿੱਚ ਹਾਜ਼ਰ ਸਨ।