ਦਿੱਲੀ ਕਿਸਾਨ ਅੰਦੋਲਨ ਦੌਰਾਨ ਕੇਂਦਰ ਸਰਕਾਰ ਵੱਲੋਂ ਮੰਨੀਆਂ ਮੰਗਾਂ ਤੇ ਕੀਤੇ ਵਾਅਦੇ ਲਾਗੂ ਕਰਵਾਉਣ ਲਈ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ 56ਵੇਂ ਦਿਨ ਵੀ ਮਰਨ ਵਰਤ ਜਾਰੀ ਰੱਖਿਆ। ਕਿਸਾਨਾਂ ਵੱਲੋਂ ਸਾਢੇ 11 ਮਹੀਨਿਆਂ ਤੋਂ ਖਨੌਰੀ ਬਾਰਡਰ ’ਤੇ ਸ਼ਾਂਤਮਈ ਸੰਘਰਸ਼ ਜਾਰੀ ਹੈ। ਕੇਂਦਰ ਖ਼ਿਲਾਫ਼ ਸੰਘਰਸ਼ ਕਰ ਰਹੇ 70 ਸਾਲਾ ਸ੍ਰੀ ਡੱਲੇਵਾਲ ਕੈਂਸਰ ਤੋਂ ਪੀੜਤ ਹਨ। ਇਸ ਦੇ ਬਾਵਜੂਦ ਉਹ ਆਪਣੇ ਫ਼ੈਸਲੇ ’ਤੇ ਡਟੇ ਹੋਏ ਹਨ। ਇਸ ਦੌਰਾਨ ਕੇਂਦਰ ਸਰਕਾਰ ਵੱਲੋਂ ਭੇਜੇ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਜੁਆਇੰਟ ਸਕੱਤਰ ਪ੍ਰਿਯਾ ਰੰਜਨ ਕਿਸਾਨ ਆਗੂ ਨੂੰ ਮਰਨ ਵਰਤ ਛੱਡਣ ਅਤੇ ਇਲਾਜ ਕਰਵਾਉਣ ਦੀ ਅਪੀਲ ਕੀਤੀ ਹੈ। ਇਸ ਮਗਰੋਂ ਕਿਸਾਨ ਆਗੂ ਡੱਲੇਵਾਲ ਨੇ ਮਰਨ ਵਰਤ ਜਾਰੀ ਰੱਖਦਿਆਂ ਇਲਾਜ ਕਰਵਾਉਣਾ ਮੰਨ ਲਿਆ ਹੈ। ਜ਼ਿਕਰਯੋਗ ਹੈ ਕਿ ਸ੍ਰੀ ਡੱਲੇਵਾਲ ਇਸ ਤੋਂ ਪਹਿਲਾਂ ਕਿਸਾਨ ਘੋਲ਼ਾਂ ਨੂੰ ਪੰਜ ਵਾਰ ਫ਼ੈਸਲਾਕੁਨ ਜਿੱਤ ਦਿਵਾ ਚੁੱਕੇ ਹਨ। ਉਨ੍ਹਾਂ ਪਹਿਲਾ ਮਰਨ ਵਰਤ 2005-06 ਵਿੱਚ ਫਿਰੋਜ਼ਪੁਰ ਜੇਲ੍ਹ ’ਚ ਰੱਖਿਆ ਸੀ। ਦੂਜੀ ਵਾਰ 2018 ’ਚ ਸ਼ੁਤਰਾਣਾ ਨੇੜੇ, ਫਿਰ 2019 ਚੰਡੀਗੜ੍ਹ ’ਚ ਅਤੇ ਇਸ ਤੋਂ ਬਾਅਦ 2023 ਵਿੱਚ ਪਹਿਲਾਂ ਜੱਦੀ ਜ਼ਿਲ੍ਹੇ ਫ਼ਰੀਦਕੋਟ ਵਿੱਚ ਤੇ ਫਿਰ ਇਸੇ ਸਾਲ ਪਟਿਆਲਾ ਵਿੱਚ ਪੰਜਵਾਂ ਮਰਨ ਵਰਤ ਰੱਖਿਆ ਸੀ। ਪੰਜਾਬ ਅਤੇ ਹਰਿਆਣਾ ਦੇ ਢਾਬੀ ਗੁੱਜਰਾਂ (ਖਨੌਰੀ) ਬਾਰਡਰ ਉੱਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਅਤੇ ਦਿੱਲੀ ਦੇ ਕਿਸਾਨੀ ਅੰਦੋਲਨ ਦੌਰਾਨ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਕਿਸਾਨ ਆਗੂ ਡੱਲੇਵਾਲ ਨੇ ਛੇਵਾਂ ਮਰਨ ਵਰਤ 26 ਨਵੰਬਰ ਤੋਂ ਸ਼ੁਰੂ ਕੀਤਾ ਸੀ, ਜੋ ਅੱਜ ਵੀ ਜਾਰੀ ਹੈ।