ਪੰਜਾਬ ਵਿੱਚ ਮਾਘੀ ਵਾਲੇ ਦਿਨ 14 ਜਨਵਰੀ ਨੂੰ ਨਵੀਂ ਪੰਥਕ ਪਾਰਟੀ ਦਾ ਐਲਾਨ ਹੋ ਸਕਦਾ ਹੈ। ਫਰੀਦਕੋਟ ਦੇ ਲੋਕ ਸਭਾ ਮੈਂਬਰ ਭਾਈ ਸਰਬਜੀਤ ਸਿੰਘ ਅਤੇ ਖਡੂਰ ਸਾਹਿਬ ਦੇ ਲੋਕ ਸਭਾ ਮੈਂਬਰ ਤੇ ਹੁਣ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਨਵੀਂ ਪੰਥਕ ਪਾਰਟੀ ਬਣ ਰਹੀ ਹੈ। ਸੂਚਨਾ ਅਨੁਸਾਰ ਇਨ੍ਹਾਂ ਆਗੂਆਂ ਨੇ ਨਵੇਂ ਪਾਰਟੀ ਦੇ ਗਠਨ ਲਈ ਆਪਣੇ ਵੱਧ ਤੋਂ ਵੱਧ ਸਮਰਥਕਾਂ ਨੂੰ ਮਾਘੀ ਮੇਲੇ ’ਤੇ ਸ੍ਰੀ ਮੁਕਤਸਰ ਸਾਹਿਬ ਪਹੁੰਚਣ ਦੀ ਅਪੀਲ ਕੀਤੀ ਹੈ। ਦੋਵੇਂ ਲੰਘੀਆਂ ਲੋਕ ਸਭਾ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਵਜੋਂ ਵੱਡੇ ਫਰਕ ਨਾਲ ਚੋਣ ਜਿੱਤੇ ਸਨ। ਸ਼੍ਰੋਮਣੀ ਅਕਾਲੀ ਦਲ ਬਾਦਲ ਪਿਛਲੀਆਂ ਤਿੰਨ ਚੋਣਾਂ ਲਗਾਤਾਰ ਬੁਰੀ ਤਰ੍ਹਾਂ ਹਾਰਿਆ ਹੈ। ਨਵੀਂ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਕਾਰਨ ਪੈਦਾ ਹੋਏ ਖਲਾਅ ਵਿੱਚ ਆਪਣਾ ਭਵਿੱਖ ਭਾਲ ਰਹੀ ਹੈ। ਭਾਈ ਸਰਬਜੀਤ ਸਿੰਘ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਸਿੱਖਾਂ ਅਤੇ ਪੰਜਾਬੀਆਂ ਦੇ ਮੁੱਦੇ ਚੁੱਕਣ ਲਈ ਪੰਜਾਬ ਵਿੱਚ ਨਵੀਂ ਪੰਥਕ ਪਾਰਟੀ ਬਣਾਉਣ ਲਈ ਜੱਦੋ-ਜਹਿਦ ਕਰ ਰਹੇ ਹਨ। ਭਾਈ ਸਰਬਜੀਤ ਸਿੰਘ ਦੇ ਨੇੜਲੇ ਵਰਕਰ ਗੋਰਾ ਸਿੰਘ ਮੱਤਾ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੋਵੇਂ ਲੋਕ ਸਭਾ ਮੈਂਬਰਾਂ ਨੇ ਆਪਣੇ ਸਮਰਥਕਾਂ ਅਤੇ ਪੰਥਕ ਵਿਚਾਰਧਾਰਾ ਵਾਲੇ ਵਿਅਕਤੀਆਂ ਨੂੰ 14 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਮਾਘੀ ਮੇਲੇ ’ਤੇ ਸੱਦਿਆ ਹੈ ਤਾਂ ਜੋ ਨਵੀਂ ਪੰਥਕ ਪਾਰਟੀ ਸਥਾਪਤ ਕੀਤੀ ਜਾ ਸਕੇ। ਉਨ੍ਹਾਂ ਆਸ ਪ੍ਰਗਟਾਈ ਕਿ ਮਾਘੀ ਮੇਲੇ ਤੋਂ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਵੀ ਡਿਬਰੂਗੜ੍ਹ ਜੇਲ੍ਹ ਤੋਂ ਰਿਹਾਅ ਹੋ ਜਾਣਗੇ।
1 thought on “ਮਾਘੀ ਵੇਲੇ ਪੰਜਾਬ ਵਿੱਚ ਬਣ ਸਕਦੀ ਹੈ ਨਵੀਂ ਪੰਥਕ ਪਾਰਟੀ”
Comments are closed.

Pingback: รับยื่น ฆพ