ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ 12 ਜ਼ਿਲ੍ਹਿਆਂ ’ਚ ਧਰਨੇ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਪ੍ਰਧਾਨ ਡਾ. ਦਰਸ਼ਨਪਾਲ ਪਟਿਆਲਾ ਦੀ ਅਗਵਾਈ ਹੇਠ ਅੱਜ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਲਈ ਪਟਿਆਲਾ ਸਣੇ 12 ਜ਼ਿਲ੍ਹਿਆਂ ਵਿੱਚ ਦੋ ਦਰਜਨ ਥਾਵਾਂ ’ਤੇ ਪ੍ਰਦਰਸ਼ਨ ਕੀਤੇ ਗਏ। ਜ਼ਿਕਰਯੋਗ ਹੈ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਭਾਵੇਂ ਅੱਜ ਲਈ ਬੰਦ ਦਾ ਸੱਦਾ ਦੇਣ ਵਾਲ਼ੀਆਂ ਧਿਰਾਂ ਐੱਸਕੇਐੱਮ (ਗ਼ੈਰ-ਸਿਆਸੀ) ਅਤੇ ਕੇਐੱਮਐੱਮ ਦਾ ਹਿੱਸਾ ਨਾ ਹੋ ਕੇ ਐੱਸਕੇਐੱਮ ਵਿੱਚ ਕਾਰਜਸ਼ੀਲ ਹੈ ਪਰ ਇਸ ਦੇ ਬਾਵਜੂਦ ਜਥੇਬੰਦੀ ਨੇ ਅੱਜ ਦੇ ਬੰਦ ਵਿੱਚ ਆਪਣਾ ਯੋਗਦਾਨ ਪਾਇਆ ਹੈ।ਜਥੇਬੰਦੀ ਦੇ ਸੂਬਾਈ ਪ੍ਰਧਾਨ ਡਾ. ਦਰਸ਼ਨਪਾਲ ਨੇ ਦੱਸਿਆ ਕਿ ਯੂਨੀਅਨ ਨੇ ਪਟਿਆਲਾ, ਫ਼ਤਹਿਗੜ੍ਹ ਸਾਹਿਬ, ਗੁਰਦਾਸਪੁਰ, ਮੋਗਾ, ਫ਼ਰੀਦਕੋਟ, ਫਾਜ਼ਿਲਕਾ, ਮੁਕਤਸਰ, ਫ਼ਿਰੋਜ਼ਪੁਰ, ਬਰਨਾਲਾ, ਮਾਨਸਾ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਧਰਨੇ ਦਿੱਤੇ।ਉਨ੍ਹਾਂ ਦੱਸਿਆ ਕਿ ਕਿਸੇ ਥਾਂ ਇਕੱਲਿਆਂ ਅਤੇ ਕਿਸੇ ਥਾਂ ਦੂਜੀਆਂ ਜਥੇਬੰਦੀਆਂ ਨਾਲ ਰਲ਼ ਕੇ ਸੜਕੀ ਅਤੇ ਰੇਲ ਆਵਾਜਾਈ ਨੂੰ ਠੱਪ ਕਰਨ ਸਣੇ ਮੰਡੀਆਂ ਅਤੇ ਬੈਂਕਾਂ ਨੂੰ ਬੰਦ ਕਰਾਉਣ ਵਿੱਚ ਭੂਮਿਕਾ ਨਿਭਾਈ ਗਈ ਤੇ ਨਾਲ ਹੀ ਬਾਜ਼ਾਰਾਂ ਅਤੇ ਹੋਰ ਸੰਸਥਾਵਾਂ ਨੂੰ ਬੰਦ ਕਰਨ ਵਾਸਤੇ ਵੀ ਲੋਕਾਂ ਨੂੰ ਪ੍ਰੇਰਿਆ ਗਿਆ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸੂਬਿਆਂ ਦੇ ਸਭ ਤਰ੍ਹਾਂ ਦੇ ਅਧਿਕਾਰਾਂ ਦਾ ਕੇਂਦਰੀਕਰਨ ਕਰ ਰਹੀ ਹੈ। ਇਸ ਲਈ ਪੰਜਾਬ ਦੇ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਲੋਕ ਘੋਲ਼ ਦੇਸ਼ ਵਿਆਪੀ ਅੰਦੋਲਨ ਨੂੰ ਜਨਮ ਦੇਵੇਗਾ।.

Scroll to Top