ਚੌੜਾ ਨੂੰ ਪੰਥ ’ਚੋਂ ਛੇਕਣ ਲਈ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਸੱਚਖੰਡ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ’ਤੇ ਗੋਲੀ ਚੱਲਣ ਦੀ ਵਾਪਰੀ ਘਟਨਾ ਦੀ ਜਾਂਚ ਲਈ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ, ਜੋ ਤਿੰਨ ਹਫ਼ਤਿਆਂ ਵਿੱਚ ਆਪਣੀ ਰਿਪੋਰਟ ਦੇਵੇਗੀ। ਮੀਟਿੰਗ ਵਿੱਚ ਅਕਾਲ ਤਖ਼ਤ ਤੋਂ ਲੱਗੀ ਸੇਵਾ ਨਿਭਾਅ ਰਹੇ ਸੁਖਬੀਰ ਸਿੰਘ ਬਾਦਲ ’ਤੇ 4 ਦਸੰਬਰ ਨੂੰ ਨਰੈਣ ਸਿੰਘ ਚੌੜਾ ਵੱਲੋਂ ਗੋਲੀ ਚਲਾ ਕੇ ਹਮਲਾ ਕਰਨ ਅਤੇ ਸਿੱਖਾਂ ਦੇ ਪਾਵਨ ਅਸਥਾਨ ਦੇ ਸ਼ਾਂਤਮਈ ਤੇ ਰੂਹਾਨੀ ਵਾਤਾਵਰਨ ਨੂੰ ਭੰਗ ਕਰਨ ਦੀ ਨਿੰਦਾ ਕੀਤੀ ਗਈ। ਅੰਤ੍ਰਿੰਗ ਕਮੇਟੀ ਵੱਲੋਂ ਗੋਲੀ ਚਲਾਉਣ ਵਾਲੇ ਦੋਸ਼ੀ ਨੂੰ ਪੰਥ ਵਿੱਚੋਂ ਛੇਕਣ ਲਈ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਗਈ। ਇੱਕ ਨੁਕਾਤੀ ਏਜੰਡੇ ’ਤੇ ਸੱਦੀ ਗਈ ਇਸ ਮੀਟਿੰਗ ਦੌਰਾਨ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਵਿਸ਼ੇਸ਼ ਨਿੰਦਾ ਮਤਾ ਪਾਸ ਕਰਕੇ ਜਿੱਥੇ ਸਾਰੇ ਮਾਮਲੇ ਦੀ ਪੜਤਾਲ ਲਈ ਕਮੇਟੀ ਬਣਾਈ ਗਈ ਹੈ, ਉੱਥੇ ਹੀ ਇਸ ਘਟਨਾ ਨੂੰ ਡੂੰਘੀ ਸਾਜ਼ਿਸ਼ ਵੀ ਕਰਾਰ ਦਿੱਤਾ ਗਿਆ। ਮੀਟਿੰਗ ਮਗਰੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਤੇ ਅਹੁਦੇਦਾਰਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਪਾਸ ਕੀਤਾ ਗਿਆ ਮਤਾ ਸੌਂਪਿਆ ਅਤੇ ਨਰੈਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਕੀਤੀ।

Scroll to Top