ਅਕਾਲ ਤਖ਼ਤ ’ਤੇ ਪੇਸ਼ ਹੋਣ ਵਾਲੇ ਅਕਾਲੀ ਆਗੂ ਮਰਿਆਦਾ ਕਾਇਮ ਰੱਖਣ: ਜਥੇਦਾਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂਆਂ ਖ਼ਿਲਾਫ਼ 2 ਦਸੰਬਰ ਨੂੰ ਹੋਣ ਵਾਲੀ ਕਾਰਵਾਈ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਸਮੂਹ ਅਕਾਲੀ ਆਗੂਆਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਉਹ ਇਸ ਮੌਕੇ ਧਾਰਮਿਕ ਅਸਥਾਨ ਦੀ ਮਰਿਆਦਾ ਨੂੰ ਬਰਕਰਾਰ ਰੱਖਣ। ਇਸ ਸਬੰਧੀ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਵੱਲੋਂ ਭੇਜੇ ਗਏ ਪੱਤਰ ਰਾਹੀਂ ਪੇਸ਼ ਹੋਣ ਵਾਲੇ ਸਮੂਹ ਅਕਾਲੀ ਆਗੂਆਂ ਨੂੰ ਸੁਚੇਤ ਕੀਤਾ ਗਿਆ ਹੈ ਕਿ 2 ਦਸੰਬਰ ਨੂੰ ਬਾਅਦ ਦੁਪਹਿਰ 1 ਵਜੇ ਅਕਾਲ ਤਖ਼ਤ ਵਿਖੇ ਪੇਸ਼ ਹੋਣ ਸਮੇਂ ਜੇ ਉਨ੍ਹਾਂ ਦੇ ਹਮਾਇਤੀਆਂ ਵੱਲੋਂ ਕਿਸੇ ਵੀ ਕਿਸਮ ਦਾ ਰੌਲਾ-ਰੱਪਾ ਪਾ ਕੇ ਪਵਿੱਤਰ ਅਸਥਾਨ ਦੀ ਮਾਣ ਮਰਿਆਦਾ ਨੂੰ ਢਾਹ ਲਾਉਣ ਦਾ ਯਤਨ ਕੀਤਾ ਗਿਆ ਤਾਂ ਇਸ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਖ਼ੁਦ ਦੀ ਹੋਵੇਗੀ। ਇਸ ਸਬੰਧੀ ਭੇਜੇ ਗਏ ਪੱਤਰ ਵਿੱਚ 17 ਅਕਾਲੀ ਸਾਬਕਾ ਮੰਤਰੀਆਂ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਸਾਲ 2007 ਤੋਂ 2017 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਹੁੰਦਿਆਂ ਕੁਝ ਬੱਜਰ ਗੁਨਾਹ ਹੋਏ ਹਨ, ਜਿਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਅਤੇ ਸਿੱਖ ਸੰਸਥਾਵਾਂ ਦਾ ਮਾਣ- ਸਨਮਾਨ ਘਟਿਆ ਹੈ। ਇਸ ਨਾਲ ਸਿੱਖਾਂ ਦੀ ਰਾਜਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਵੀ ਕਮਜ਼ੋਰ ਹੋਇਆ ਹੈ। ਇਸ ਸਬੰਧ ਵਿੱਚ ਉਨ੍ਹਾਂ ਦਾ ਸਪੱਸ਼ਟੀਕਰਨ ਅਕਾਲ ਤਖ਼ਤ ’ਤੇ ਪੁੱਜਾ ਹੈ। ਇਸ ਸਬੰਧ ਵਿੱਚ ਜਥੇਦਾਰ ਵੱਲੋਂ ਆਦੇਸ਼ ਕੀਤਾ ਗਿਆ ਹੈ ਕਿ ਉਹ ਹੋਈਆਂ ਭੁੱਲਾਂ ਵਾਸਤੇ 2 ਦਸੰਬਰ ਨੂੰ ਅਕਾਲ ਤਖ਼ਤ ਵਿਖੇ ਪੇਸ਼ ਹੋਣ। ਇਸ ਪੱਤਰ ਵਿੱਚ ਸਾਬਕਾ ਮੰਤਰੀ ਡਾ. ਉਪਿੰਦਰਜੀਤ ਕੌਰ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਗੁਲਜ਼ਾਰ ਸਿੰਘ ਰਣੀਕੇ, ਪਰਮਿੰਦਰ ਸਿੰਘ, ਸੁੱਚਾ ਸਿੰਘ ਲੰਗਾਹ, ਜਨਮੇਜਾ ਸਿੰਘ, ਹੀਰਾ ਸਿੰਘ, ਸਰਵਣ ਸਿੰਘ ਫਿਲੌਰ, ਸੋਹਨ ਸਿੰਘ, ਡਾ. ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ, ਬੀਬੀ ਜਗੀਰ ਕੌਰ, ਬਿਕਰਮ ਸਿੰਘ ਮਜੀਠੀਆ, ਮਨਪ੍ਰੀਤ ਸਿੰਘ ਬਾਦਲ, ਸ਼ਰਨਜੀਤ ਸਿੰਘ, ਸੁਰਜੀਤ ਸਿੰਘ ਅਤੇ ਮਹੇਸ਼ ਇੰਦਰ ਸਿੰਘ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨੂੰ ਵੱਖਰੇ ਤੌਰ ’ਤੇ ਪੱਤਰ ਵੀ ਭੇਜਿਆ ਗਿਆ ਹੈ।

Scroll to Top