ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਵੱਲੋਂ ਪੰਜਾਬ ਭਰ ਦੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਕੀਤੀ ਹੜਤਾਲ ਦੇ ਅੱਜ ਦੂਸਰੇ ਦਿਨ ਵੀ ਡਾਕਟਰਾਂ ਵੱਲੋਂ ਸਵੇਰੇ ਅੱਠ ਤੋਂ ਸਵੇਰੇ ਗਿਆਰਾਂ ਵਜੇ ਤੱਕ ਓਪੀਡੀ ਸੇਵਾਵਾਂ ਬੰਦ ਰੱਖੀਆਂ ਗਈਆਂ। ਹੜਤਾਲ ਦੀ ਜਾਣਕਾਰੀ ਨਾ ਹੋਣ ਕਾਰਨ ਅੱਜ ਵੀ ਹਸਪਤਾਲਾਂ ਦੀਆਂ ਓਪੀਡੀਜ਼ ਦੇ ਬਾਹਰ ਮਰੀਜ਼ਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ ਤੇ ਉਹ ਖੱਜਲ ਖੁਆਰ ਹੁੰਦੇ ਰਹੇ। ਭਾਵੇਂ ਕਿ ਸਰਕਾਰ ਵੱਲੋਂ ਵਿੱਤ ਮੰਤਰੀ ਦੀ ਅਗਵਾਈ ਹੇਠ ਭਲਕੇ 11 ਸਤੰਬਰ ਨੂੰ ਕੈਬਨਿਟ ਸਬ-ਕਮੇਟੀ ਨਾਲ ਐਸੋਸੀਏਸ਼ਨ ਦੀ ਮੀਟਿੰਗ ਵੀ ਰੱਖੀ ਹੋਈ ਹੈ ਪ੍ਰੰਤੂ ਡਾਕਟਰਾਂ ਦੀ ਮੰਗ ਹੈ ਕਿ ਜਦੋਂ ਤੱਕ ਮੰਗਾਂ ਸਬੰਧੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ, ਉਦੋਂ ਤੱਕ ਹੜਤਾਲ ਖ਼ਤਮ ਨਹੀਂ ਕੀਤੀ ਜਾਵੇਗੀ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਅਖਿਲ ਸਰੀਨ ਨੇ ਦੱਸਿਆ ਕਿ ਸੂਬੇ ਭਰ ਦੇ ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਹੜਤਾਲੀ ਮੈਡੀਕਲ ਅਫ਼ਸਰਾਂ ਨੇ ਆਪਣੀਆਂ ਮੰਗਾਂ ਸਬੰਧੀ ਪੈਂਫਲੇਟ ਵੰਡ ਕੇ, ਫਲੈਕਸ ਬੈਨਰਾਂ ਅਤੇ ਭਾਸ਼ਣਾਂ ਰਾਹੀਂ ਮਰੀਜ਼ਾਂ ਨੂੰ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਇਆ ਅਤੇ ਹੜਤਾਲ ਦੇ ਕਾਰਨਾਂ ਬਾਰੇ ਵੀ ਦੱਸਿਆ। ਹਸਪਤਾਲਾਂ ਵਿੱਚ ਸੁਰੱਖਿਆ ਦੇ ਮੁੱਦੇ ’ਤੇ ਮਹਿਲਾ ਡਾਕਟਰਾਂ ਵਿੱਚ ਕਾਫ਼ੀ ਰੋਸ ਵੇਖਣ ਨੂੰ ਮਿਲਿਆ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੀ ਦੂਜੇ ਵਿਭਾਗ ਮੈਡੀਕਲ ਸਿੱਖਿਆ ਤੇ ਖੋਜ ਵਿੱਚ ਹੀ ਡਾਕਟਰਾਂ ਨੂੰ 4 ਅਤੇ 7 ਸਾਲ ’ਤੇ ਤਰੱਕੀ ਦਿੱਤੀ ਜਾ ਰਹੀ ਹੈ ਤਾਂ ਫਿਰ ਸਭ ਤੋਂ ਜ਼ਰੂਰੀ ਸਿਹਤ ਵਿਭਾਗ ਦੀ ਤਰੱਕੀ ’ਤੇ ਰੋਕ ਕਿਉਂ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਡਾਕਟਰਾਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਕਰਦੀ ਤਾਂ ਅਗਲੇ ਪੜਾਅ ਵਿੱਚ 12 ਸਤੰਬਰ ਤੋਂ ਪੂਰੇ ਸਮੇਂ ਲਈ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ ਜਦਕਿ ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਜਾਰੀ ਰਹਿਣਗੀਆਂ। ਉਨ੍ਹਾਂ ਇਹ ਐਲਾਨ ਵੀ ਕੀਤਾ ਕਿ ਜੇ 16 ਸਤੰਬਰ ਤੋਂ ਬਾਅਦ ਵੀ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਡਾਕਟਰ ਸਾਰੇ ਹਸਪਤਾਲਾਂ ਅਤੇ ਡਿਸਪੈਂਸਰੀਆਂ ਸਣੇ ਸਿਹਤ ਕੇਂਦਰਾਂ ਵਿੱਚ ਹਰ ਤਰ੍ਹਾਂ ਦੀਆਂ ਮੈਡੀਕੋ ਲੀਗਲ ਸੇਵਾਵਾਂ ਵੀ ਬੰਦ ਕਰਨ ਲਈ ਮਜਬੂਰ ਹੋ ਜਾਣਗੇ।