
ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਵੱਲੋਂ ਕਿਸਾਨ ਅੰਦੋਲਨ ਬਾਰੇ ਕੀਤੀ ਟਿੱਪਣੀ ਤੋਂ ਬਾਅਦ ਸਿਆਸੀ ਮਾਹੌਲ ਭਖ ਗਿਆ ਹੈ। ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਜੀਵਨ ਜੋਤ ਕੌਰ ਤੇ ਅਮਨਦੀਪ ਕੌਰ ਨੇ ਅੱਜ ਕੰਗਨਾ ਰਣੌਤ ਨੂੰ ਇਸ ਮਾਮਲੇ ’ਤੇ ਘੇਰਿਆ ਹੈ। ਉਨ੍ਹਾਂ ਕਿਹਾ ਕਿ ਕੰਗਨਾ ਆਪਣੇ ਬਿਆਨ ਮੁਤਾਬਕ ਕਿਸਾਨ ਅੰਦੋਲਨ ਦੌਰਾਨ ਹੋਏ ਜਬਰ-ਜਨਾਹ ਦਾ ਸਬੂਤ ਦੇਵੇ, ਨਹੀਂ ਤਾਂ ਸੰਸਦ ਮੈਂਬਰੀ ਤੋਂ ਅਸਤੀਫਾ ਦੇਵੇ। ਇਹ ਪ੍ਰਗਟਾਵਾ ‘ਆਪ’ ਦੀਆਂ ਮਹਿਲਾ ਵਿਧਾਇਕਾਂ ਨੇ ਚੰਡੀਗੜ੍ਹ ਪਾਰਟੀ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਹੈ। ਇਸ ਮੌਕੇ ‘ਆਪ’ ਪੰਜਾਬ ਦੀ ਮਹਿਲਾ ਵਿੰਗ ਦੀ ਪ੍ਰਧਾਨ ਪ੍ਰੀਤੀ ਮਲਹੋਤਰਾ ਵੀ ਮੌਜੂਦ ਸਨ। ‘ਆਪ’ ਵਿਧਾਇਕ ਜੀਵਨ ਜੋਤ ਕੌਰ ਨੇ ਕਿਹਾ ਕਿ ਕੰਗਨਾ ਨੇ ਜਾਣਬੁੱਝ ਕੇ ਪੰਜਾਬ ਦੇ ਕਿਸਾਨਾਂ ਅਤੇ ਔਰਤਾਂ ਨੂੰ ਬਦਨਾਮ ਕਰਨ ਵਾਲੇ ਬਿਆਨ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਆਗੂਆਂ ਨੂੰ ਵੀ ਕੰਗਨਾ ਦੇ ਬਿਆਨ ’ਤੇ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ ਪੰਜਾਬ ਦੇ ਕਿਸਾਨਾਂ ਅਤੇ ਔਰਤਾਂ ਨਾਲ ਖੜ੍ਹੇ ਹਨ ਜਾਂ ਆਪਣੀ ਪਾਰਟੀ ਦੀ ਸੰਸਦ ਮੈਂਬਰ ਕੰਗਨਾ ਰਣੌਤ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਕੰਗਨਾ ਰਣੌਤ ਨੂੰ ਪਾਰਟੀ ਵਿੱਚੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੰਗਨਾ ਹੀ ਨਹੀਂ ਬਲਕਿ ਪੂਰੀ ਭਾਜਪਾ ਪੰਜਾਬ ਖ਼ਿਲਾਫ਼ ਕੰਮ ਕਰ ਰਹੀ ਹੈ। ਜਦੋਂ ਤੋਂ ਕੇਂਦਰ ’ਚ ਭਾਜਪਾ ਦੀ ਸਰਕਾਰ ਬਣੀ ਹੈ, ਉਹ ਲਗਾਤਾਰ ਪੰਜਾਬ ਨੂੰ ਜ਼ਲੀਲ ਕਰਨ ਦਾ ਕੰਮ ਕਰ ਰਹੀ ਹੈ। ‘ਆਪ’ ਵਿਧਾਇਕ ਅਮਨਦੀਪ ਕੌਰ ਨੇ ਭਾਜਪਾ ਆਗੂ ਹਰਜੀਤ ਗਰੇਵਾਲ ਦੇ ਬਿਆਨ ’ਤੇ ਕਿਹਾ ਕਿ ਉਨ੍ਹਾਂ ਨੂੰ ਜਨਤਕ ਤੌਰ ’ਤੇ ਕੰਗਨਾ ਦੀ ਨਿੰਦਾ ਕਰਨੀ ਚਾਹੀਦੀ ਹੈ ਅਤੇ ਪਾਰਟੀ ਤੋਂ ਕੰਗਨਾ ਵਿਰੁੱਧ ਕਾਰਵਾਈ ਦੀ ਮੰਗ ਕਰਨੀ ਚਾਹੀਦੀ ਹੈ। ਜੇ ਕੋਈ ਆਪਣੀ ਫਿਲਮ ਚਲਾਉਣ ਲਈ ਅਜਿਹੀਆਂ ਘਟੀਆ ਗੱਲਾਂ ਕਰਦਾ ਹੈ ਤਾਂ ਪੰਜਾਬੀ ਹੋਣ ਦੇ ਨਾਤੇ ਹਰਜੀਤ ਗਰੇਵਾਲ ਨੂੰ ਪੰਜਾਬ ਦੇ ਕਿਸਾਨਾਂ ਅਤੇ ਔਰਤਾਂ ਨਾਲ ਖੜ੍ਹਨਾ ਚਾਹੀਦਾ ਹੈ।