
ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ ਜੀਐਮਸੀਐਚ ਸੈਕਟਰ-32 ਦੀ ਫੈਕਲਟੀ ਵੈੱਲਫੇਅਰ ਬਾਡੀ ਵੱਲੋਂ ਵੀ ਸੋਮਵਾਰ 19 ਅਗਸਤ ਤੋਂ ਕਲਮ ਛੱਡੋ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਵੈੱਲਫੇਅਰ ਬਾਡੀ ਦੇ ਪ੍ਰਧਾਨ ਪ੍ਰੋਫੈਸਰ ਅਸ਼ਵਨੀ ਕੇ. ਦਲਾਲ, ਜਨਰਲ ਸਕੱਤਰ ਪ੍ਰੋ. ਅਮਨਦੀਪ ਸਿੰਘ ਖ਼ਜਾਨਚੀ, ਪ੍ਰੋ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਕੋਲਕਾਤਾ ਵਿੱਚ ਮਹਿਲਾ ਡਾਕਟਰ ਦੀ ਜਬਰ-ਜਨਾਹ ਉਪਰੰਤ ਕੀਤੀ ਹੱਤਿਆ ਖ਼ਿਲਾਫ਼ ਦੇਸ਼ ਭਰ ਵਿੱਚ ਡਾਕਟਰਾਂ ਦੀ ਚੱਲ ਰਹੀ ਹੜਤਾਲ ਨੂੰ ਜੀਐਮਸੀਐਚ-32 ਫੈਕਲਟੀ ਵੈੱਲਫੇਅਰ ਬਾਡੀ ਵੱਲੋਂ ਸਮਰਥਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 19 ਅਗਸਤ ਦਿਨ ਸੋਮਵਾਰ ਨੂੰ ਜੀਐਮਸੀਐਚ-32 ਦੀਆਂ ਸਾਰੀਆਂ ਓਪੀਡੀਜ਼ ਵਿੱਚ ਕਲਮ ਛੱਡੋ ਹੜਤਾਲ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਹਸਪਤਾਲ ਵਿੱਚ ਐਮਰਜੈਂਸੀ ਸੇਵਾਵਾਂ ਪ੍ਰਭਾਵਿਤ ਨਹੀਂ ਹੋਣ ਦਿੱਤੀਆਂ ਜਾਣਗੀਆਂ, ਐਮਰਜੈਂਸੀ ਸੇਵਾਵਾਂ ਨਿਰਵਿਘਨ ਜਾਰੀ ਰਹਿਣਗੀਆਂ। ਪੀਜੀਆਈ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਵੱਲੋਂ ਅੱਜ ਗੇਟ ਨੰਬਰ-1 ਤੋਂ ਲੈ ਕੇ ਸੈਕਟਰ-17 ਚੰਡੀਗੜ੍ਹ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਵਿੱਚ ਉਨ੍ਹਾਂ ਨੇ ਦੇਸ਼ ਭਰ ਵਿੱਚ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਅਤੇ ਕੋਲਕਾਤਾ ਕਾਂਡ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਮੰਗ ਕੀਤੀ ਕਿ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰੋਟੈਕਸ਼ਨ ਐਕਟ ਬਣਾਇਆ ਜਾਵੇ। ਇਸ ਸਬੰਧੀ ਡਾ. ਸੰਚਿਤ ਨਾਰੰਗ ਨੇ ਦੱਸਿਆ ਕਿ ਜੀਐਮਸੀਐਚ-32 ਦੀ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਨੇ ਵੀ ਰੋਸ ਪ੍ਰਦਰਸ਼ਨ ਦੇ ਵਿੱਚ ਸ਼ਮੂਲੀਅਤ ਕੀਤੀ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ’ਤੇ ਪ੍ਰਾਈਵੇਟ ਡਾਕਟਰਾਂ ਨੇ ਵੀ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ