
ਗੁਰੂ ਕੀ ਵਡਾਲੀ ‘ਚ ਵਿਵਾਦਿਤ ਜ਼ਮੀਨ ‘ਤੇ ਨਿਸ਼ਾਨ ਸਾਹਿਬ ਲਗਾਉਣ ਨੂੰ ਲੈ ਕੇ ਚੱਲ ਰਿਹਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸ਼ਨਿਚਰਵਾਰ ਸ਼ਾਮ ਨੂੰ ਇਕ ਧਿਰ ਨਾਲ ਸਬੰਧਤ ਨਿਹੰਗ ਸਿੰਘਾਂ ਨੇ ਇਕ ਵਾਰ ਫਿਰ ਮਰਿਆਦਾ ਦੀ ਉਲੰਘਣਾ ਕਰਦਿਆਂ ਨਿਸ਼ਾਨ ਸਾਹਿਬ ਉਸੇ ਥਾਂ ‘ਤੇ ਲਗਾ ਦਿੱਤਾ ਜਦੋਂਕਿ ਉਕਤ ਵਿਵਾਦਿਤ ਜਗ੍ਹਾ ‘ਤੇ ਨਾ ਤਾਂ ਕੋਈ ਉਸਾਰੀ ਹੋ ਸਕਦੀ ਹੈ ਅਤੇ ਨਾ ਹੀ ਉਸ ‘ਤੇ ਕਬਜ਼ਾ ਕੀਤਾ ਜਾ ਸਕਦਾ ਹੈ। ਵਰਨਣਯੋਗ ਹੈ ਕਿ ਜਸਵੰਤ ਸਿੰਘ ਜੋ ਕਿ 1975 ਤੋਂ ਖੇਤੀ ਕਰ ਰਹੇ ਹਨ, ਦਾ ਦਾਅਵਾ ਹੈ ਕਿ ਇਸ ਜਗ੍ਹਾ ਦੀ ਮਾਲਕੀ ਨੂੰ ਲੈ ਕੇ ਉਨ੍ਹਾਂ ਦਾ ਨਗਰ ਨਿਗਮ ਨਾਲ ਵਿਵਾਦ ਚੱਲ ਰਿਹਾ ਹੈ। ਇਸ ਜਗ੍ਹਾ ਸਬੰਧੀ ਉਨ੍ਹਾਂ ਦਾ ਕੇਸ ਨਗਰ ਨਿਗਮ ਦੇ ਨਾਲ ਅਦਾਲਤ ਵਿਚ ਵਿਚਾਰ ਅਧੀਨ ਹੈ, ਜਿਸ ਦਾ ਹਾਲੇ ਕੋਈ ਫੈਸਲਾ ਨਹੀਂ ਹੋਇਆ। ਵਿਵਾਦਤ ਜਗ੍ਹਾ ਹੋਣ ਦੇ ਬਾਵਜੂਦ ਕਿਸੇ ਤੀਜੀ ਧਿਰ ਨੇ ਇਸ ਜਗ੍ਹਾ ‘ਤੇ ਕਬਜ਼ਾ ਕਰਨ ਦੀ ਨੀਯਤ ਨਾਲ 2 ਮਹੀਨੇ ਪਹਿਲਾਂ ਨਿਸ਼ਾਨ ਸਾਹਿਬ ਦੀ ਸਥਾਪਨਾ ਕੀਤੀ ਸੀ, ਇਕ ਹਫ਼ਤਾ ਪਹਿਲਾਂ ਨਿਸ਼ਾਨ ਸਾਹਿਬ ਨੂੰ ਮਰਿਆਦਾ ਦੀ ਉਲੰਘਣਾ ਕਰਦਿਆਂ ਟਰੈਕਟਰ ਦੀ ਮਦਦ ਨਾਲ ਉਖਾੜ ਦਿੱਤਾ ਗਿਆ ਸੀ ਜਦਕਿ ਨਾ ਤਾਂ ਨਿਸ਼ਾਨ ਸਾਹਿਬ ਲਗਾਉਣ ਸਮੇਂ ਅਤੇ ਨਾ ਹੀ ਉਤਾਰਨ ਸਮੇਂ ਮਰਿਆਦਾ ਦੀ ਪਾਲਣਾ ਕੀਤੀ ਗਈ ਸੀ। ਪੁਲਿਸ ਦੀ ਮੌਜੂਦਗੀ ‘ਚ ਸ਼ਨਿਚਰਵਾਰ ਸ਼ਾਮ 7 ਵਜੇ ਇਸ ਨੂੰ ਦੁਬਾਰਾ ਲਗਾਇਆ ਗਿਆ ਜਦਕਿ ਉਕਤ ਸ਼ਰਾਰਤੀ ਅਨਸਰਾਂ ਨੂੰ ਨਿਸ਼ਾਨ ਸਾਹਿਬ ਸਥਾਪਤ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਥਾਂ ’ਤੇ ਨਾ ਤਾਂ ਕੋਈ ਪਾਰਟੀ ਉਸਾਰੀ ਕਰ ਸਕਦੀ ਹੈ ਅਤੇ ਨਾ ਹੀ ਕਬਜ਼ਾ ਕਰ ਸਕਦੀ ਹੈ।