ਡਾਕਟਰਾਂ ਦੇ ਸੰਘਰਸ਼ ਦੀ ਹਮਾਇਤ ’ਚ ਕੈਮਿਸਟਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ

ਕੋਲਕਾਤਾ ਕਾਂਡ ਦੇ ਵਿਰੋਧ ’ਚ ਅੱਜ ਇੱਥੇ ਕਸਬਾ ਸਨੇਟਾ ਦੇ ਕੈਮਿਸਟਾਂ ਅਤੇ ਡਾਕਟਰਾਂ ਨੇ ਪ੍ਰਦਰਸ਼ਨ ਕਰਦਿਆਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ। ਪਿੰਡ ਸਨੇਟਾ ਵਿੱਚ ਕੈਮਿਸਟਾਂ ਅਤੇ ਡਾਕਟਰਾਂ ਨੇ ਡਾ. ਬਲਜੀਤ ਸਿੰਘ ਸਨੇਟਾ ਦੀ ਅਗਵਾਈ ਹੇਠ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਮਹਿਲਾ ਡਾਕਟਰ ਦੇ ਹਤਿਆਰਿਆਂ ਨੂੰ ਫਾਂਸੀ ਤੋਂ ਘੱਟ ਸਜ਼ਾ ਨਾ ਦਿੱਤੀ ਜਾਵੇ। ਇਸ ਨਾਲ ਮਹਿਲਾ ਡਾਕਟਰਾਂ ਅਤੇ ਨਰਸਾਂ ਵਿੱਚ ਡਰ ਅਤੇ ਭੈਅ ਦਾ ਮਾਹੌਲ ਹੈ। ਡਾ. ਬਲਜੀਤ ਸਿੰਘ ਨੇ ਦੱਸਿਆ ਕਿ ਇਸ ਪ੍ਰਦਰਸ਼ਨ ਦਾ ਮੰਤਵ ਦੁਖਦਾਈ ਘਟਨਾ ਪ੍ਰਤੀ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਨਾ ਅਤੇ ਮਹਿਲਾ ਡਾਕਟਰ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸਰਕਾਰ ’ਤੇ ਦਬਾਅ ਬਣਾਉਣਾ ਹੈ। ਉਨ੍ਹਾਂ ਭਵਿੱਖ ਵਿੱਚ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਸੁਰੱਖਿਆ ਲਈ ਸੈਂਟਰਲ ਪ੍ਰੋਟੈਕਸ਼ਨ ਐਕਟ ਦੀ ਵੀ ਮੰਗ ਕੀਤੀ। ਖਰੜ (ਸ਼ਸ਼ੀ ਪਾਲ ਜੈਨ): ਖਰੜ ਕੈਮਿਸਟ ਐਸੋਸੀਏਸ਼ਨ ਵੱਲੋਂ ਅੱਜ ਕੋਲਕਾਤਾ ਕਾਂਡ ਦੇ ਰੋਸ ਵਜੋਂ ਅਤੇ ਇਨਸਾਫ਼ ਦੀ ਮੰਗ ਲਈ ਖਰੜ ਵਿੱਚ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਪੁਨੀਤ ਕੁਮਾਰ ਨੇ ਦੱਸਿਆ ਕਿ ਕਈ ਦਿਨ ਬੀਤ ਜਾਣ ਦੇ ਬਾਵਜੂਦ ਮਾਮਲੇ ਵਿਚ ਅਜੇ ਤਕ ਇਨਸਾਫ਼ ਨਹੀਂ ਮਿਲ ਰਿਹਾ। ਇਸ ਮਾਮਲੇ ਵਿੱਚ ਅੱਜ ਖਰੜ ਕੈਮਿਸਟ ਐਸੋਸੀਏਸ਼ਨ ਨੇ ਦੋ ਤੋਂ ਲੈ ਕੇ ਚਾਰ ਵਜੇ ਤੱਕ ਆਪਣੇ ਕਾਰੋਬਾਰ ਬੰਦ ਰੱਖੇ। ਇਸ ਮੌਕੇ ਅਨਿਲ ਆਨੰਦ, ਕੁਲਵਿੰਦਰ ਸਿੰਘ, ਸੁਸੀਲ ਖੰਨਾ, ਜਸਵੀਰ ਸਿੰਘ, ਮੋਹਿਤ ਬਾਂਸਲ, ਗੌਰਵ ਗੁਪਤਾ, ਸੰਦੀਪ ਅਰੋੜਾ, ਵਿਕਾਸ ਮੋਂਗਾ ਅਤੇ ਸੁਭਾਸ ਅਗਰਵਾਲ ਤੋਂ ਇਲਾਵਾ ਹੋਰ ਵੀ ਕੈਮਿਸਟ ਮੌਜੂਦ ਸਨ।

Scroll to Top