ਹੱਡੀਆਂ ਦੀ ਮੁੱਠ ਬਣੇ ਕਿਸਾਨ ਆਗੂ ਡੱਲੇਵਾਲ

ਪਿੰਡ ਢਾਬੀਗੁੱਜਰਾਂ ਸਥਿਤ ਅੰਤਰਰਾਜੀ ਬਾਰਡਰ ’ਤੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਅੱਜ ਸਵਾ ਮਹੀਨਾ ਹੋ ਗਿਆ ਹੈ। ਇਸ ਮਾਮਲੇ ਦੀ ਗੂੰਜ ਤਾਂ ਭਾਵੇਂ ਸੁਪਰੀਮ ਕੋਰਟ ਤੱਕ ਵੀ ਪੈ ਰਹੀ ਹੈ, ਪਰ ਭੁੱਖੇ ਰਹਿਣ ਕਾਰਨ ਨਿਘਰਦੀ ਜਾ ਰਹੀ ਕਿਸਾਨ ਨੇਤਾ ਦੀ ਹਾਲਤ ਲਗਾਤਾਰ ਚਿੰਤਾਵਾਂ ਵਧਾ ਰਹੀ ਹੈ। ਉਹ ਹੱਡੀਆਂ ਦੀ ਮੁੱਠ ਬਣ ਗਏ ਹਨ, ਕਿਉਂਕਿ ਭੁੱਖੇ ਰਹਿਣ ਕਾਰਨ ਹੁਣ ਸਰੀਰ ਹੀ ਸਰੀਰ ਨੂੰ ਖਾਣ ਲੱਗਿਆ ਹੈ। ਇਸ ਦੀ ਪੁਸ਼ਟੀ ਮੈਡੀਕਲ ਰਿਪੋਰਟਾਂ ਵੀ ਕਰਨ ਲੱਗੀਆਂ ਹਨ। ਉਨ੍ਹਾਂ ਦੇ ਖੂਨ ’ਚ ਕੋਟੀਨਾ ਦੀ ਮਾਤਰਾ 6.2 ਤੱਕ ਅੱਪੜ ਗਈ ਹੈ,ਜੋ ਆਮ ਤੌਰ ’ਤੇ ਮਨੁੱਖੀ ਸਰੀਰੀ ’ਚ 0 ਤੋਂ 0.6 ਤੱਕ ਹੋਣੀ ਚਾਹੀਦੀ ਹੈ। ਡਾਕਟਰਾਂ ਦਾ ਤਰਕ ਹੈ ਕਿ ਇਹ ਉਦੋਂ ਹੁੰਦਾ ਹੈ, ਜਦੋਂ ਸਰੀਰ ਹੀ ਸਰੀਰ ਨੂੰ ਖਾਣ ਲੱਗੇ। ਅੱਜ ਉਨ੍ਹਾਂ ਦਾ ਯੂਰਿਕ ਐਸਿਡ 14.2 ਤੇ ਬੀਪੀ 100-74 ਹੈ। ਗੁਰਦਿਆਂ ਤੇ ਜਿਗਰ ’ਤੇ ਵੀ ਲਗਾਤਾਰ ਅਸਰ ਪੈ ਰਿਹਾ ਹੈ। ਇਨ੍ਹਾਂ ਵਿੱਚੋਂ ਕਈ ਅਹਿਮ ਤੱਥ ‘ਪੰਜਾਬੀ ਟ੍ਰਿਬਿਊਨ’ ਨੂੰ ਸੂਤਰਾਂ ਰਾਹੀਂ ਸਰਕਾਰੀ ਰਿਪੋਰਟਾਂ ਤੋਂ ਪ੍ਰਾਪਤ ਹੋਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 26 ਨਵੰਬਰ ਤੋਂ ਮਰਨ ਵਰਤ ਸ਼ੁਰੂ ਕਰਨ ਵਾਲੇ 70 ਸਾਲਾ ਡੱਲੇਵਾਲ ਕੈਂਸਰ ਦੇ ਮਰੀਜ਼ ਵੀ ਹਨ। ਡੱਲੇਵਾਲ ਦੀ ਸਿਹਤ ਦੇ ਹਵਾਲੇ ਨਾਲ ਕਿਸਾਨ ਨੇਤਾ ਅਭਿਮੰਨਿਊ ਕੋਹਾੜ, ਦਿਲਬਾਗ ਹਰੀਗੜ੍ਹ ਤੇ ਮਨਜੀਤ ਨਿਆਲ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਨੂੰ ਹਠ ਤਿਆਗ ਦੇਣਾ ਚਾਹੀਦਾ ਹੈ।

Scroll to Top