ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਵਧਾਏ ਐਂਟਰੀ ਟੈਕਸ ਖ਼ਿਲਾਫ਼ ਵੱਖ-ਵੱਖ ਜਥੇਬੰਦੀਆਂ ਵੱਲੋਂ ਕੀਰਤਪੁਰ ਸਾਹਿਬ-ਮਨਾਲੀ ਮੁੱਖ ਮਾਰਗ ’ਤੇ ਗਰਾ ਮੌੜਾ ਸਥਿਤ ਨੈਸ਼ਨਲ ਟੌਲ ਪਲਾਜ਼ਾ ’ਤੇ ਧਰਨਾ ਦਿੱਤਾ ਗਿਆ। ਇਸ ਦੌਰਾਨ ਸਵੇਰੇ 11 ਵਜੇ ਤੋਂ ਬਾਅਦ ਆਉਣ-ਜਾਣ ਵਾਲੇ ਵਾਹਨ ਚਾਲਕਾਂ ਨੂੰ ਟੌਲ ਪਲਾਜ਼ਾ ਤੋਂ ਮੁਫ਼ਤ ਲੰਘਾਇਆ ਗਿਆ। ਇਸ ਮੌਕੇ ਧਰਨਾਕਾਰੀਆਂ ਨੇ ਕਿਹਾ ਕਿ ਟੌਲ ਪਲਾਜ਼ਾ ਤੋਂ ਕਰੀਬ 500 ਮੀਟਰ ਦੀ ਦੂਰੀ ’ਤੇ ਹੀ ਹਿਮਾਚਲ ਸਰਕਾਰ ਦਾ ਐਂਟਰੀ ਟੈਕਸ ਬੈਰੀਅਰ ਹੈ, ਜਿੱਥੇ ਪੰਜਾਬ ਅਤੇ ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਗੱਡੀਆਂ ਤੋਂ ਟੈਕਸ ਵਸੂਲਿਆ ਜਾਂਦਾ ਹੈ। ਇਸ ਨੂੰ ਗ਼ੈਰ-ਸੰਵਿਧਾਨਕ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਕੌਮੀ ਮਾਰਗ ’ਤੇ ਇੰਨੀ ਘੱਟ ਦੂਰੀ ਵਿੱਚ ਦੋ ਵਸੂਲੀਆਂ ਜਾਇਜ਼ ਨਹੀਂ ਹਨ। ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵੱਲੋਂ ਲਗਾਇਆ ਗਿਆ ਐਂਟਰੀ ਟੈਕਸ ਆਮ ਲੋਕਾਂ ਲਈ ਜਜ਼ੀਆ ਬਣ ਚੁੱਕਾ ਹੈ, ਜੋ ਸਿੱਧੀ ਲੁੱਟ ਦੇ ਬਰਾਬਰ ਹੈ। ਕਿਰਤੀ ਕਿਸਾਨ ਮੋਰਚਾ ਦੇ ਆਗੂ ਹਰਪ੍ਰੀਤ ਸਿੰਘ ਭੱਟੋ ਨੇ ਕਿਹਾ ਕਿ ਲੋਕਾਂ ’ਤੇ ਇਹ ਵਾਧੂ ਆਰਥਿਕ ਬੋਝ ਬਰਦਾਸ਼ਤ ਤੋਂ ਬਾਹਰ ਹੈ ਅਤੇ ਸਰਕਾਰ ਨੂੰ ਤੁਰੰਤ ਇਹ ਫ਼ੈਸਲਾ ਵਾਪਸ ਲੈਣਾ ਚਾਹੀਦਾ ਹੈ। ਇਸੇ ਤਰ੍ਹਾਂ ਬੀਰ ਸਿੰਘ ਬੜਵਾਂ ਨੇ ਕਿਹਾ ਕਿ ਗਰਾ ਮੌੜਾ ਪਲਾਜ਼ਾ ’ਤੇ ਵਾਹਨਾਂ ਨੂੰ ਮੁਫ਼ਤ ਲੰਘਾਉਣ ਦਾ ਮਕਸਦ ਕੌਮੀ ਹਾਈਵੇਅ ਅਥਾਰਟੀ ’ਤੇ ਦਬਾਅ ਬਣਾਉਣਾ ਹੈ ਤਾਂ ਜੋ ਹਿਮਾਚਲ ਸਰਕਾਰ ਨੂੰ ਇਹ ਬੈਰੀਅਰ ਹਟਾਉਣ ਲਈ ਮਜਬੂਰ ਕੀਤਾ ਜਾ ਸਕੇ। ਧਰਨਾਕਾਰੀਆਂ ਨੇ ਪੰਜਾਬ ਸਰਕਾਰ ਪ੍ਰਤੀ ਵੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਰੈਸੀਪਰੋਕਲ ਟੈਕਸ ਲਾਉਣ ਦੇ ਵਾਅਦੇ ’ਤੇ ਅਜੇ ਤੱਕ ਢੁਕਵੀਂ ਕਾਰਵਾਈ ਨਹੀਂ ਹੋਈ। ਇਸ ਮੌਕੇ ਧਰਨਾ ਦੇਣ ਵਾਲਿਆਂ ਵਿੱਚ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਤੋਂ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਗਿੱਲ, ਸਮਾਜ ਸੇਵੀ ਸੇਠੀ ਸ਼ਰਮਾ, ਬਹਿਰਾਮ ਕੇ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਖ-ਵੱਖ ਟੈਕਸੀ ਯੂਨੀਅਨਾਂ ਦੇ ਨੁਮਾਇੰਦੇ ਵੀ ਮੌਜੂਦ ਸਨ। ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਟੈਕਸੀ ਯੂਨੀਅਨਾਂ ਅਤੇ ਕਿਰਤੀ ਕਿਸਾਨ ਮੋਰਚਾ ਸਮੇਤ ਹੋਰ ਜਥੇਬੰਦੀਆਂ ਦਾ ਸਹਿਯੋਗ ਮਿਲ ਰਿਹਾ ਹੈ। ਧਰਨੇ ਦੌਰਾਨ ਹਿਮਾਚਲ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
