ਹਿਮਾਚਲ ’ਚ ਸਿੱਖਾਂ ਨਾਲ ਬਦਸਲੂਕੀ ਖ਼ਿਲਾਫ਼ ਮੁਜ਼ਾਹਰਾ

ਵਿਦਿਆਰਥੀ ਜਥੇਬੰਦੀ ‘ਸੱਥ’ ਨੇ ਹਿਮਾਚਲ ਪ੍ਰਦੇਸ਼ ਵਿੱਚ ਆਪਣੇ ਵਾਹਨਾਂ ’ਤੇ ਜਾਣ ਵਾਲੇ ਸਿੱਖ ਯਾਤਰੀਆਂ ਨਾਲ ਹੋ ਰਹੀ ਬਦਸਲੂਕੀ ਵਿਰੁੱਧ ਅੱਜ ਇੱਥੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਸੈਂਟਰ ਵਿਖੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਦੇ ਸਮਰਥਨ ਵਿੱਚ ਕਈ ਹੋਰ ਵਿਦਿਆਰਥੀ ਜਥੇਬੰਦੀਆਂ ਨੇ ਵੀ ਹਿੱਸਾ ਲਿਆ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਪੰਜਾਬ ਅੰਦਰ ਇਸ ਸਮੇਂ ਗ਼ੈਰ-ਪੰਜਾਬੀ ਆਬਾਦੀ ਦਾ ਹੜ੍ਹ ਆ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੂਬਾਈ ਵਿਧਾਨ ਸਭਾ ਨੂੰ ਕਾਨੂੰਨ ਪਾਸ ਕਰਨਾ ਚਾਹੀਦਾ ਹੈ ਤਾਂ ਜੋ ਸੂਬੇ ਦੇ ਬਾਹਰਲੇ ਲੋਕਾਂ ਨੂੰ ਰੋਕਿਆ ਜਾ ਸਕੇ। ਇਸ ਮੌਕੇ ‘ਸੱਥ’ ਦੇ ਦਰਸ਼ਪ੍ਰੀਤ ਸਿੰਘ, ਅਸ਼ਮੀਤ ਸਿੰਘ, ਗੁਰਦਰਸ਼ਨ ਸਿੰਘ, ਪੰਜਾਬਨਾਮੇ ਦੇ ਗਗਨ, ਅੰਬੇਡਕਰ ਸਟੂਡੈਂਟਸ ਫੋਰਮ ਦੇ ਗੁਰਦੀਪ ਅਤੇ ਸਟੂਡੈਂਟਸ ਫਾਰ ਸੁਸਾਇਟੀ (ਐੱਸਐੱਫਐੱਸ) ਦੇ ਸੰਦੀਪ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਸਿੱਖ ਯਾਤਰੀਆਂ ਦੇ ਵਾਹਨਾਂ ਤੋਂ ਨਿਸ਼ਾਨ ਸਾਹਿਬ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਲੁਹਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਹ ਘਟਨਾਵਾਂ ਵਕਤੀ ਨਹੀਂ ਹਨ ਬਲਕਿ ਪਿਛਲੇ ਕੁੱਝ ਸਾਲਾਂ ਤੋਂ ਲਗਾਤਾਰ ਇਸ ਤਰੀਕੇ ਦੇ ਹਮਲੇ ਹੋ ਰਹੇ ਹਨ ਜੋ ਹਿੰਦੂਤਵੀ ਮਨਾਂ ’ਚ ਸਿੱਖੀ ਪ੍ਰਤੀ ਵਸੀ ਡੂੰਘੀ ਨਫ਼ਰਤ ਦਾ ਪ੍ਰਗਟਾਵਾ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਹਮਲੇ ਸਿੱਖਾਂ ਦੀ ਪਛਾਣ ’ਤੇ ਹਮਲੇ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਅੰਦਰ ਇਸ ਸਮੇਂ ਗ਼ੈਰ-ਪੰਜਾਬੀ ਆਬਾਦੀ ਦਾ ਹੜ੍ਹ ਆ ਰਿਹਾ ਹੈ। ਭਾਰਤ ਦੀ ਬਸਤੀਵਾਦੀ ਨੀਤੀ ਤਹਿਤ ਗ਼ੈਰ-ਪੰਜਾਬੀ ਅਬਾਦੀ ਪੰਜਾਬ ਵਿੱਚ ਵੱਡੇ ਪੱਧਰ ’ਤੇ ਵਸਾਈ ਜਾ ਰਹੀ ਹੈ। ਪੰਜਾਬ ਦੀ ਲੁੱਟ ਅਤੇ ਸਿੱਖ ਹਸਤੀ ਪ੍ਰਤੀ ਇਸ ਨਫ਼ਰਤ ਨੂੰ ਸਮਝਦਿਆਂ ਸਿੱਖਾਂ ਨੂੰ ਜਥੇਬੰਦ ਹੋਣ ਦੀ ਲੋੜ ਹੈ। ਗ਼ੈਰ-ਪੰਜਾਬੀਆਂ ਦੀ ਵਿਆਪਕ ਪੱਧਰ ’ਤੇ ਵਸਾਈ ਜਾ ਰਹੀ ਅਬਾਦੀ ਨੂੰ ਰੋਕਣਾ ਪੰਜਾਬ ਦੀ ਹੰਗਾਮੀ ਲੋੜ ਹੈ।

Scroll to Top