ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਵਧਾਏ ਐਂਟਰੀ ਟੈਕਸ ਵਿਰੁੱਧ ਪੰਜਾਬ-ਹਿਮਾਚਲ ਸਰਹੱਦਾਂ ’ਤੇ ਅੱਜ ਵੱਡੇ ਪੱਧਰ ’ਤੇ ਧਰਨੇ ਲਗਾਏ ਗਏ, ਜਿਸ ਕਾਰਨ ਕਈ ਮੁੱਖ ਮਾਰਗਾਂ ’ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਪੰਜਾਬ ਮੋਰਚਾ, ਟੈਕਸੀ ਯੂਨੀਅਨਾਂ, ਕਿਸਾਨ ਜਥੇਬੰਦੀਆਂ ਅਤੇ ਸਥਾਨਕ ਲੋਕਾਂ ਦੇ ਸਾਂਝੇ ਪ੍ਰਦਰਸ਼ਨਾਂ ਕਾਰਨ ਯਾਤਰੀਆਂ ਨੂੰ ਘੰਟਿਆਂ ਤੱਕ ਜਾਮ ਵਿੱਚ ਫਸਣਾ ਪਿਆ। ਕੀਰਤਪੁਰ ਸਾਹਿਬ-ਮਨਾਲੀ ਮੁੱਖ ਮਾਰਗ ’ਤੇ ਗਰਾਂ ਮੋੜਾ ’ਚ ਲੱਗੇ ਧਰਨੇ ਨੇ ਸਭ ਤੋਂ ਵੱਧ ਅਸਰ ਪਾਇਆ। ਧਰਨੇ ਵਿੱਚ ਕਿਸਾਨ ਮੋਰਚਾ ਅਤੇ ਟੈਕਸੀ ਯੂਨੀਅਨਾਂ ਦੇ ਆਗੂ ਵੱਡੀ ਗਿਣਤੀ ’ਚ ਮੌਜੂਦ ਰਹੇ। ਪ੍ਰਦਰਸ਼ਨਕਾਰੀਆਂ ਵਿੱਚ ਗੌਰਵ ਰਾਣਾ ਕਨਵੀਨਰ, ਪੰਜਾਬ ਮੋਰਚਾ, ਅਮਿਤੋਜ ਮਾਨ, ਬੀਰ ਸਿੰਘ ਬੜਵਾ ਸਟੇਟ ਪ੍ਰਧਾਨ, ਕਿਰਤੀ ਕਿਸਾਨ ਮੋਰਚਾ, ਹਰਪ੍ਰੀਤ ਸਿੰਘ ਭੱਟੋ ਬਲਾਕ ਪ੍ਰਧਾਨ ਕਿਰਤੀ ਕਿਸਾਨ ਮੋਰਚਾ, ਗੁਰਚਰਨ ਸਿੰਘ ਸ਼ਾਦੀ, ਦੇਸ ਰਾਜ ਚੌਧਰੀ ਮੋੜਾ, ਕਰਨਵੀਰ ਸਿੰਘ ਸਿੱਧੂ, ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ, ਧਰਮਪਾਲ ਸੈਣੀ ਮਾਜਰਾ ਜ਼ਿਲ੍ਹਾ ਕਨਵੀਨਰ ਸੰਯੁਕਤ ਕਿਸਾਨ ਮੋਰਚਾ, ਕਮਲਜੀਤ ਸਿੰਘ ਵਾਈਸ ਪ੍ਰਧਾਨ, ਆਜ਼ਾਦ ਟੈਕਸੀ ਯੂਨੀਅਨ ਰੋਪੜ, ਭੁਪਿੰਦਰ ਸਿੰਘ ਭੱਲਾ ਟੈਕਸੀ ਯੂਨੀਅਨ ਕੀਰਤਪੁਰ ਸਾਹਿਬ, ਅਮਰਜੀਤ ਸਿੰਘ ਸੰਦੋਆ ਸਾਬਕਾ ਵਿਧਾਇਕ ਅਤੇ ਭਾਜਪਾ ਆਗੂ ਅਰਵਿੰਦ ਮਿੱਤਲ ਸ਼ਾਮਲ ਸਨ। ਇਸੇ ਤਰ੍ਹਾਂ ਸ੍ਰੀ ਆਨੰਦਪੁਰ ਸਾਹਿਬ-ਨੈਣਾ ਦੇਵੀ ਮੁੱਖ ਮਾਰਗ ’ਤੇ ਕੋਲਾਂ ਵਾਲੇ ਟੋਭੇ ਨੇੜੇ ਐਂਟਰੀ ਪੁਆਇੰਟ ’ਤੇ ਵੀ ਧਰਨਾ ਲਗਾ ਕੇ ਆਵਾਜਾਈ ਰੋਕੀ ਗਈ, ਜਦਕਿ ਭਰਤਗੜ੍ਹ-ਪੰਜਹਿਰਾ ਰੋਡ ’ਤੇ ਵੀ ਪ੍ਰਦਰਸ਼ਨਕਾਰੀਆਂ ਵੱਲੋਂ ਜਾਮ ਲਗਾਇਆ ਗਿਆ। ਇਸ ਮੌਕੇ ਮੌਜੂਦ ਲੋਕਾਂ ਨੇ 31 ਮਾਰਚ ਰਾਤ 12 ਵਜੇ ਤੋਂ ਬਾਅਦ ਵਧੇ ਹੋਏ ਰੇਟਾਂ ਨਾਲ ਕੱਟੀਆਂ ਪਰਚੀਆਂ ਦਿਖਾਈਆਂ ਅਤੇ ਕਿਹਾ ਕਿ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵਿਧਾਨ ਸਭਾ ਵਿੱਚ ਲੋਕਾਂ ਨੂੰ ਝੂਠ ਬੋਲ ਕੇ ਗੁਮਰਾਹ ਕੀਤਾ ਕਿ ਪੁਰਾਣੇ ਰੇਟ ਬਹਾਲ ਕੀਤੇ ਗਏ ਹਨ। ਲਗਪਗ ਸਵੇਰੇ 8 ਵਜੇ ਸ਼ੁਰੂ ਹੋਇਆ ਧਰਨਾ 4 ਘੰਟੇ ਚੱਲਿਆ ਤੇ ਬਾਅਦ ਵਿੱਚ ਧਰਨਾ ਸਥਾਨ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਪ੍ਰਦਰਸ਼ਨਕਾਰੀਆਂ ਦੀ ਮੀਟਿੰਗ ਹੋਈ। ਇਸ ਦੌਰਾਨ ਐੱਸ ਡੀ ਐੱਮ ਧਰਮਪਾਲ (ਸਵਾਰਘਾਟ), ਡੀ ਐੱਸ ਪੀ ਵਿਕਰਾਂਤ ਦੋਂਸਰਾ (ਸਵਾਰਘਾਟ), ਡੀ ਐੱਸ ਪੀ ਜਸ਼ਨਦੀਪ ਸਿੰਘ ਮਾਨ (ਸ੍ਰੀ ਆਨੰਦਪੁਰ ਸਾਹਿਬ) ਅਤੇ ਤਹਿਸੀਲਦਾਰ ਸੰਦੀਪ ਸਿੰਘ ਨੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ। ਅਧਿਕਾਰੀਆਂ ਨੇ ਮਸਲੇ ਦੇ ਹੱਲ ਲਈ 10 ਦਿਨਾਂ ਦਾ ਸਮਾਂ ਮੰਗਿਆ। ਗੱਲਬਾਤ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਅਸਥਾਈ ਤੌਰ ’ਤੇ ਧਰਨਾ ਚੁੱਕਣ ਦਾ ਐਲਾਨ ਕਰ ਦਿੱਤਾ ਹੈ।
