ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਵਿਚਾਲੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਕਾਂਗਰਸ ਹਾਈ ਕਮਾਨ ਨੂੰ ਮਿਲਣ ਲਈ ਦਿੱਲੀ ਪਹੁੰਚੇ, ਪਰ ਉਨ੍ਹਾਂ ਦੀ ਕਿਸੇ ਵੀ ਸੀਨੀਅਰ ਆਗੂ ਨਾਲ ਮੁਲਾਕਾਤ ਨਹੀਂ ਹੋ ਸਕੀ। ਸੂਤਰਾਂ ਮੁਤਾਬਕ ਸਿੱਧੂ ਹਾਈ ਕਮਾਨ ਨੂੰ ਮਿਲਣ ਲਈ ਸਾਰਾ ਦਿਨ ਦਿੱਲੀ ਵਿੱਚ ਰਹੇ ਅਤੇ ਅਖੀਰ ਦੇਰ ਸ਼ਾਮ ਖਾਲੀ ਹੱਥ ਮੁੰਬਈ ਲਈ ਰਵਾਨਾ ਹੋ ਗਏ। ਉਹ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੂੰ ਮਿਲ ਕੇ ਮੌਜੂਦਾ ਵਿਵਾਦ ’ਤੇ ਆਪਣਾ ਪੱਖ ਅਤੇ ਤੱਥ ਰੱਖਣਾ ਚਾਹੁੰਦੇ ਸਨ। ਦੂਜੇ ਪਾਸੇ, ਕਾਂਗਰਸ ਹਾਈ ਕਮਾਨ ਨੇ ਸੂਬਾ ਇੰਚਾਰਜ ਭੁਪੇਸ਼ ਬਘੇਲ ਤੋਂ ਪੰਜਾਬ ਕਾਂਗਰਸ ਦੇ ਅੰਦਰੂਨੀ ਵਿਵਾਦ ਬਾਰੇ ਰਿਪੋਰਟ ਮੰਗੀ ਹੈ। ਪਤਾ ਲੱਗਿਆ ਹੈ ਕਿ ਸੰਸਦ ਦਾ ਸੈਸ਼ਨ ਖਤਮ ਹੋਣ ਮਗਰੋਂ ਹਾਈ ਕਮਾਨ ਇਸ ਮਸਲੇ ਵੱਲ ਧਿਆਨ ਦੇ ਸਕਦੀ ਹੈ। ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕਾ ਨਵਜੋਤ ਕੌਰ ਸਿੱਧੂ ਬੀਤੇ ਦਿਨ ਦਿੱਲੀ ਜਾਣ ਲਈ ਰਵਾਨਾ ਹੋਏ ਸਨ ਪਰ ਉਹ ਬਾਅਦ ’ਚ ਦਿੱਲੀ ਦੀ ਥਾਂ ਪਟਿਆਲਾ ਪਹੁੰਚ ਗਏ। ਨਵਜੋਤ ਸਿੰਘ ਸਿੱਧੂ ਬੀਤੇ ਦਿਨ ਮੁੰਬਈ ਤੋਂ ਸਿੱਧਾ ਅੰਮ੍ਰਿਤਸਰ ਪੁੱਜ ਗਏ ਸਨ। ਅੱਜ ਨਵਜੋਤ ਕੌਰ ਸਿੱਧੂ ਵੀ ਅੰਮ੍ਰਿਤਸਰ ਆਏ। ਸਿੱਧੂ ਜੋੜੇ ਨੇ ਨਵੇਂ ਵਿਵਾਦ ’ਤੇ ਰਣਨੀਤੀ ਵੀ ਤਿਆਰ ਕੀਤੀ ਹੈ। ਸੂਤਰਾਂ ਅਨੁਸਾਰ ਅੱਜ ਨਵਜੋਤ ਸਿੰਘ ਸਿੱਧੂ ਕਾਂਗਰਸ ਹਾਈ ਕਮਾਨ ਨੂੰ ਮਿਲਣ ਲਈ ਸਵੇਰ 10 ਵਜੇ ਅੰਮ੍ਰਿਤਸਰ ਤੋਂ ਦਿੱਲੀ ਲਈ ਰਵਾਨਾ ਹੋਏ ਸਨ। ਸਾਬਕਾ ਵਿਧਾਇਕਾ ਨਵਜੋਤ ਕੌਰ ਸਿੱਧੂ ਨੇ ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਉਸ ਵੇਲੇ ਨਿਸ਼ਾਨੇ ’ਤੇ ਲਿਆ ਹੈ ਜਦੋਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਦਾ ਪ੍ਰਚਾਰ ਸਿਖਰ ’ਤੇ ਹੈ। ਸੀਨੀਅਰ ਆਗੂ ਚੋਣ ਪ੍ਰਚਾਰ ਦੀ ਥਾਂ ਇਸ ਅੰਦਰੂਨੀ ਵਿਵਾਦ ਵਿੱਚ ਉਲਝ ਗਏ ਹਨ। ਪੰਜਾਬ ਕਾਂਗਰਸ ਵਿਚਲੇ ਕਲੇਸ਼ ਨੂੰ ਪੰਜਾਬ ਸਰਕਾਰ ਨੇੜਿਓਂ ਦੇਖ ਰਹੀ ਹੈ। ਕਾਂਗਰਸ ਦਾ ਅੰਦਰੂਨੀ ਵਿਵਾਦ ਵਿਰੋਧੀ ਧਿਰਾਂ ਨੂੰ ਮੌਕਾ ਦੇ ਰਿਹਾ ਹੈ ਜਿਸ ਕਰ ਕੇ ਕਾਂਗਰਸ ਦੇ ਕਲੇਸ਼ ਨੂੰ ਸਾਰੀਆਂ ਧਿਰਾਂ ਸਿਆਸੀ ਤੌਰ ’ਤੇ ਲਾਹੇਵੰਦ ਮੰਨ ਰਹੀਆਂ ਹਨ। ਸੂਤਰਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਬੋਲ ਬਾਣੀ ’ਤੇ ਨਜ਼ਰ ਰੱਖੀ ਜਾ ਰਹੀ ਹੈ।
