ਹਰਿਮੰਦਰ ਸਾਹਿਬ ਸਮੂਹ ਵਿੱਚ ਅੱਜ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਇਕੱਠੇ ਮਨਾਏ ਗਏ। ਇਸ ਦੌਰਾਨ ਅੱਜ ਆਤਿਸ਼ਬਾਜ਼ੀ ਨਹੀਂ ਚਲਾਈ ਗਈ। ਇੱਥੇ ਅੱਜ ਸੰਘਣੀ ਧੁੰਦ ਦੇ ਬਾਵਜੂਦ ਵੱਡੀ ਗਿਣਤੀ ਸੰਗਤ ਗੁਰੂ ਘਰ ਵਿੱਚ ਨਤਮਸਤਕ ਹੋਈ। ਗੁਰੂ ਘਰ ਵਿੱਚ ਸੰਗਤ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਹਰਿਮੰਦਰ ਸਾਹਿਬ ’ਚ ਸੁੰਦਰ ਜਲੌਅ ਸਜਾਏ ਗਏ ਅਤੇ ਰਾਗੀ ਸਿੰਘਾਂ ਨੇ ਕੀਰਤਨ ਕੀਤਾ। ਇਸ ਦੌਰਾਨ ਸ਼੍ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਿਮੰਦਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਦੇ ਸਬੰਧ ਵਿੱਚ ਵੱਖ-ਵੱਖ ਅਖੰਡ ਪਾਠ ਦੇ ਭੋਗ ਪਾਏ। ਇਸ ਸਬੰਧੀ ਹਰਿਮੰਦਰ ਸਾਹਿਬ ਦੇ ਮੈਨੇਜਰ ਨਰਿੰਦਰ ਸਿੰਘ ਮਥਰੇਵਾਲ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਵੱਡੀ ਗਿਣਤੀ ਸੰਗਤ ਗੁਰੂ ਘਰ ਵਿੱਚ ਨਤਮਸਤਕ ਹੋਈ। ਉਨ੍ਹਾਂ ਆਖਿਆ ਕਿ ਭਾਵੇਂ ਸਵੇਰ ਵੇਲੇ ਧੁੰਦ ਸੀ ਪਰ ਸੰਗਤ ਦੀ ਸ਼ਰਧਾ ਅਤੇ ਉਤਸ਼ਾਹ ਬਰਕਰਾਰ ਰਿਹਾ। ਪ੍ਰਕਾਸ਼ ਪੁਰਬ ਅਤੇ ਸ਼ਹੀਦੀ ਦਿਵਸ ਦੋਵੇਂ ਇੱਕੋ ਦਿਨ ਹੋਣ ਕਰ ਕੇ ਅੱਜ ਗੁਰੂ ਰਾਮਦਾਸ ਲੰਗਰ ਘਰ ਵਿੱਚ ਸੰਗਤ ਵਾਸਤੇ ਸਾਦਾ ਲੰਗਰ ਹੀ ਤਿਆਰ ਕੀਤਾ ਗਿਆ ਸੀ ਜਦੋਂ ਕਿ ਪ੍ਰਕਾਸ਼ ਪੁਰਬ ਮੌਕੇ ਲੰਗਰ ਘਰ ਵਿੱਚ ਵਿਸ਼ੇਸ਼ ਪਕਵਾਨ ਵੀ ਤਿਆਰ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਸ਼ਹੀਦੀ ਦਿਵਸ ਹੋਣ ਕਾਰਨ ਸ਼ਾਮ ਵੇਲੇ ਆਤਿਸ਼ਬਾਜ਼ੀ ਨਹੀਂ ਹੋਵੇਗੀ ਪਰ ਦੀਪਮਾਲਾ ਕੀਤੀ ਗਈ ਤੇ ਸੰਕੇਤਕ ਰੂਪ ਵਿੱਚ ਘਿਓ ਦੇ ਦੀਵੇ ਜਗਾਏ ਗਏ। ਇਸ ਦੌਰਾਨ ਅੱਜ ਸਵੇਰੇ ਭਾਈ ਵੀਰ ਸਿੰਘ ਦੀਵਾਨ ਹਾਲ ਤੋਂ ਹਰਿਮੰਦਰ ਸਾਹਿਬ ਤੱਕ ਪ੍ਰਭਾਤ ਫੇਰੀ ਵੀ ਕੱਢੀ ਗਈ। ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਅੱਜ ਸ਼ਹਿਰ ਵਿੱਚ ਵੱਖ-ਵੱਖ ਗੁਰਦੁਆਰਿਆਂ ਵਿੱਚ ਵੀ ਮਨਾਇਆ ਗਿਆ ਹੈ। ਸ਼ਹੀਦੀ ਦਿਵਸ ਅਤੇ ਗੁਰਪੁਰਬ ਇਕੱਠੇ ਹੋਣ ਕਾਰਨ ਸਮਾਗਮ ਸਾਦੇ ਰੂਪ ਵਿੱਚ ਮਨਾਏ ਗਏ। ਸ਼ਹਿਰ ਵਿੱਚ ਅੱਜ ਲੰਗਰ ਵੀ ਘੱਟ ਲੱਗੇ। ਇਨ੍ਹਾਂ ਵਿੱਚੋਂ ਵੀ ਵਧੇਰੇ ਦੁੱਧ ਦੇ ਲੰਗਰ ਸਨ। ਦੱਸਣਯੋਗ ਹੈ ਕਿ ਦੋਵੇਂ ਦਿਵਸ ਇੱਕੋ ਦਿਨ ਹੋਣ ਕਾਰਨ ਸੰਗਤ ਵਿੱਚ ਕਾਫ਼ੀ ਸਮਾਂ ਦੁਚਿੱਤੀ ਬਣੀ ਰਹੀ ਹੈ ਪਰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਪ੍ਰਕਾਸ਼ ਪੁਰਬ ਅੱਜ ਦੇ ਦਿਨ ਹੀ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਸੀ।
