ਸੱਜਣ ਕੁਮਾਰ ਖ਼ਿਲਾਫ਼ ਉਮਰ ਕੈਦ ਦਾ ਫ਼ੈਸਲਾ ਨਾਕਾਫ਼ੀ: ਪ੍ਰੋ. ਬਡੂੰਗਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦਿੱਲੀ ਦੀ ਰਾਊਜ਼ ਅਦਾਲਤ ਵੱਲੋਂ ਦਿੱਤੇ ਗਏ ਫੈਸਲੇ ਵਿਚ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਖ਼ਿਲਾਫ਼ ਦੋ ਮਾਮਲਿਆਂ ਵਿਚ ਸੁਣਾਈ ਗਈ ਸਜ਼ਾ ਨੂੰ ਸਵਾਗਤਯੋਗ ਫ਼ੈਸਲਾ ਹੈ ਕਰਾਰ ਦਿੰਦਿਆਂ ਨਾਲ ਹੀ ਕਿਹਾ ਕਿ ਸੱਜਣ ਕੁਮਾਰ ਲਈ ਉਮਰ ਕੈਦ ਦੀ ਸਜ਼ਾ ਕਾਫ਼ੀ ਨਹੀਂ ਹੈ। ਪ੍ਰੋ ਬਡੂੰਗਰ ਨੇ ਕਿਹਾ ਕਿ ਸਿੱਖ ਕਤਲੇਆਮ ਇਸ ਕਰ ਕੇ ਕੀਤਾ ਗਿਆ ਸੀ ਤਾਂ ਕਿ ਸਿੱਖ ਕੌਮ ਦੀ ‘ਨਸਲਕੁਸ਼ੀ ਕੀਤੀ’ ਜਾ ਸਕੇ, ਪਰ ਅਜੇ ਤੱਕ ਬਹੁਤ ਸਾਰੀਆਂ ਧਿਰਾਂ ਸਿੱਖ ਕਤਲੇਆਮ ਮਾਮਲਿਆਂ ਨੂੰ ਲੈ ਕੇ ਅਦਾਲਤਾਂ ਤੱਕ ਪਹੁੰਚ ਕਰ ਕੇ ਇਨਸਾਫ਼ ਦੀ ਮੰਗ ਨਹੀਂ ਕਰ ਸਕੀਆਂ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਨੇ ਸਰਸਵਤੀ ਵਿਹਾਰ ਵਿਚ ਰਹਿੰਦੇ ਜਸਵੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਅਰੁਣਦੀਪ ਸਿੰਘ ਦੀ ਹੱਤਿਆ ਕੀਤੀ ਸੀ। ਉਨ੍ਹਾਂ ਕਿਹਾ ਕਿ ਉਮਰ ਕੈਦ ਦਾ ਸੁਣਾਇਆ ਗਿਆ ਫ਼ੈਸਲਾ ਸੱਜਣ ਕੁਮਾਰ ਨੂੰ ਫਾਂਸੀ ਤੋਂ ਬਚਾਉਣ ਵਾਲਾ ਹੈ, ਜਦਕਿ ਸਿੱਖ ਮਿਸਾਲੀ ਸਜ਼ਾ ਦੀ ਮੰਗ ਕਰਦੇ ਆ ਰਹੇ ਹਨ। ਪ੍ਰੋ. ਬਡੂੰਗਰ ਦੋਸ਼ ਲਾਇਆ ਕਿ ਸਿੱਖ ਕਤਲੇਆਮ ਮਾਮਲੇ ਵਿਚ ਕਾਂਗਰਸ ਦੇ ਹੋਰ ਕਈ ਵੱਡੇ ਆਗੂ ਵੀ ਸ਼ਾਮਲ ਹਨ, ਜਿਨ੍ਹਾਂ ਵਿਚ ਜਗਦੀਸ਼ ਟਾਈਟਲਰ ਅਤੇ ਕਮਲਨਾਥ ਆਦਿ ਸ਼ਾਮਲ ਦੱਸੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਕਸਰ ਹੀ ਅਦਾਲਤਾਂ ਵਿਚ ਬਚਾਅ ਪੱਖ ਦੀਆਂ ਦਲੀਲਾਂ ਨਾਲ ਜੱਜ ਸਾਹਿਬਾਨ ਸਹਿਮਤ ਹੋ ਜਾਂਦੇ ਹਨ, ਪਰ ਪੀੜਤ ਧਿਰ ਦੀਆਂ ਭਾਵਨਾਵਾਂ ਨੂੰ ਵੀ ਸਮਝਣ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਦੇ ਮਾਮਲੇ ਵਿਚ 42 ਸਾਲਾਂ ਬਾਅਦ ਹੱਤਿਆ ਕੇਸ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਪਰ ਅੱਜ ਵੀ ਪੀੜਤ ਧਿਰਾਂ ਉਮਰ ਕੈਦ ਦੇ ਫ਼ੈਸਲੇ ਤੋਂ ਸੰਤੁਸ਼ਟ ਨਜ਼ਰ ਆ ਰਹੀਆਂ ਹਨ, ਜਦਕਿ ਅਦਾਲਤਾਂ ਨੂੰ ਮਿਸਾਲੀ ਸਜ਼ਾਵਾਂ ਦੇ ਕੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਠੋਸ ਫ਼ੈਸਲਾ ਲੈਂਦਿਆਂ ਸਖ਼ਤ ਕਦਮ ਚੁੱਕਣਾ ਚਾਹੀਦਾ ਹੈ।

Scroll to Top