ਸੰਯੁਕਤ ਕਿਸਾਨ ਮੋਰਚਾ ਨੇ 9 ਦਸੰਬਰ ਦੀ ਮੋਗਾ ਮਹਾਪੰਚਾਇਤ ਤੋਂ ਸ਼ੁਰੂ ਹੋਈ ਸਾਂਝਾ ਫਰੰਟ ਬਣਾਉਣ ਦੀ ਸਰਗਰਮੀ ਦੀ ਕੜੀ ਤਹਿਤ ਅੱਜ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਨੂੰ 12 ਫਰਵਰੀ ਨੂੰ ਮੁੜ ਤੀਜੇ ਗੇੜ ਦੀ ਮੀਟਿੰਗ ਦਾ ਸੱਦਾ ਦਿੱਤਾ ਹੈ। ਏਕੇ ਦੇ ਮਤੇ ’ਤੇ ਹੋਣ ਵਾਲੀ ਤੀਜੇ ਗੇੜ ਦੀ ਇਸ ਮੀਟਿੰਗ ਸਬੰਧੀ ਐੱਸਕੇਐੱਮ ਦੀ ਛੇ ਮੈਂਬਰੀ ਤਾਲਮੇਲ ਕਮੇਟੀ ਨੇ ਇਹ ਰਸਮੀ ਸੱਦਾ ਭੇਜਿਆ। ਤਾਲਮੇਲ ਕਮੇਟੀ ਦੇ ਮੈਂਬਰ ਜੋਗਿੰਦਰ ਸਿੰਘ ਉਗਰਾਹਾਂ ਨੇ ਸੁਖਜੀਤ ਸਿੰਘ ਹਰਦੋਝੰਡੇ ਨੂੰ ਵ੍ਹਟਸਐਪ ਰਾਹੀਂ, ਜਦੋਂਕਿ ਕਮੇਟੀ ਦੇ ਇੱਕ ਹੋਰ ਮੈਂਬਰ ਰਮਿੰਦਰ ਪਟਿਆਲਾ ਨੇ ਸਰਵਣ ਸਿੰਘ ਪੰਧੇਰ ਨਾਲ ਰਾਬਤਾ ਸਾਧ ਕੇ ਮੀਟਿੰਗ ਦਾ ਸੱਦਾ ਦਿੱਤਾ ਹੈ। ਇਸ ਵਾਰ ਇਹ ਮੀਟਿੰਗ ਚੰਡੀਗੜ੍ਹ ’ਚ ਹੋਵੇਗੀ ਜਦੋਂਕਿ ਪਿਛਲੀਆਂ ਦੋਵੇਂ ਮੀਟਿੰਗਾਂ ਪਾਤੜਾਂ ਵਿੱਚ ਕ੍ਰਮਵਾਰ 12 ਤੇ 18 ਜਨਵਰੀ ਨੂੰ ਹੋਈਆਂ ਸਨ। ਉਧਰ ਸੰਪਰਕ ਕਰਨ ’ਤੇ ਸੁਖਜੀਤ ਹਰਦੋਝੰਡੇ ਨੇ ਸੱਦਾ ਪੱਤਰ ਮਿਲਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਉਨ੍ਹਾਂ ਦਾ ਕਹਿਣਾ ਸੀ ਕਿ ਮੋਰਚੇ ਨੂੰ ਸਾਲ ਪੂਰਾ ਹੋਣ ’ਤੇ ਢਾਬੀਗੁੱਜਰਾਂ ਬਾਰਡਰ ’ਤੇ ਉਸੇ ਹੀ ਦਿਨ 12 ਫਰਵਰੀ ਨੂੰ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ। ਇਸ ਮਸਲੇ ਸਬੰਧੀ ਦੋਵੇਂ ਫੋਰਮ ਭਲਕੇ 29 ਜਨਵਰੀ ਨੂੰ ਮੀਟਿੰਗ ਕਰਕੇ ਸਲਾਹ-ਮਸ਼ਵਰੇ ਮਗਰੋਂ ਹੀ ਕੋਈ ਰਣਨੀਤੀ ਬਣਾਉਣਗੀਆਂ। ਇਸੇ ਦੌਰਾਨ ਐੱਸਕੇਐੱਮ ਦੀ ਤਾਲਮੇਲ ਕਮੇਟੀ ਦੇ ਮੈਂਬਰ ਰਮਿੰਦਰ ਪਟਿਆਲਾ ਨੇ ਦੋਵੇਂ ਫੋਰਮਾਂ ਨੂੰ 12 ਫਰਵਰੀ ਦੀ ਮੀਟਿੰਗ ਦਾ ਅੱਜ ਰਸਮੀ ਸੱਦਾ ਪੱਤਰ ਭੇਜੇ ਜਾਣ ਦੀ ਪੁਸ਼ਟੀ ਕੀਤੀ ਹੈ। ਇਸੇ ਦੌਰਾਨ ਏਕਤਾ ਦੇ ਮੁੱੱਦੇ ’ਤੇ ਜਗਜੀਤ ਸਿੰਘ ਡੱਲੇਵਾਲ ਨੇ ਮੰਨਿਆ ਕਿ ਉਨ੍ਹਾਂ (ਐੱਸਕੇਐੱਮ ਤੇ ਦੋਵੇਂ ਫੋਰਮਾਂ) ਦਰਮਿਆਨ ਮੱਤਭੇਦ ਹਨ, ਪਰ ਤਾਲਮੇਲਵੇਂ ਰੂਪ ’ਚ ਲੜਾਈ ਲੜੀ ਜਾ ਸਕਦੀ ਹੈ।