ਇਥੇ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਅੱਜ ਦੋਸ਼ ਲਾਇਆ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਅਤੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਵਜੋਂ ਨਿਯੁਕਤੀ ਅਤੇ ਸੇਵਾ ਸੰਭਾਲ ਸਮਾਗਮ ਮੌਕੇ ਮਰਿਆਦਾ ਦੀ ਘੋਰ ਉਲੰਘਣਾ ਹੋਈ ਹੈ। ਉਹ ਇਥੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਮਾਮਲੇ ਵਿੱਚ ਬੀਤੇ ਦਿਨ ਮਰਿਆਦਾ ਦੀ ਉਲੰਘਣਾ ਦਾ ਦੋਸ਼ ਲਾਇਆ ਸੀ। ਉਨ੍ਹਾਂ ਤੋਂ ਇਲਾਵਾ ਚੀਫ ਖਾਲਸਾ ਦੀਵਾਨ ਅਤੇ ਹੋਰ ਵੀ ਕਈ ਜਥੇਬੰਦੀਆਂ ਵੱਲੋਂ ਅਜਿਹੇ ਹੀ ਦੋਸ਼ ਲਾਏ ਗਏ ਹਨ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਦੇਸ਼-ਵਿਦੇਸ਼ ਤੋਂ ਸੁਨੇਹੇ ਆ ਰਹੇ ਹਨ ਅਤੇ ਮਰਿਆਦਾ ਦਾ ਘਾਣ ਕੀਤੇ ਜਾਣ ਖ਼ਿਲਾਫ਼ ਸੰਗਤ ਵੱਲੋਂ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਜਥੇਦਾਰਾਂ ਦੀ ਨਵੀਂ ਨਿਯੁਕਤੀ ਦਾ ਐਲਾਨ ਕੀਤਾ ਜਾਂਦਾ ਹੈ ਅਤੇ ਦਸਤਾਰਾਂ ਭੇਟ ਕੀਤੀਆਂ ਜਾਂਦੀਆਂ ਹਨ ਪਰ ਇਸ ਮਾਮਲੇ ਵਿੱਚ ਵਿਧੀ ਵਿਧਾਨ ਦੀ ਉਲੰਘਣਾ ਕਰਕੇ ਮਰਿਆਦਾ ਦਾ ਘਾਣ ਕੀਤਾ ਗਿਆ। ਇਸ ਕਾਰਨ ਸਿੱਖ ਸੰਗਤ ਵਿੱਚ ਕਾਫ਼ੀ ਰੋਸ ਹੈ।