ਇੱਥੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੁੱਜੇ ਪੰਜਾਬ ਹੋਮ ਗਾਰਡਜ਼ ਦੇ ਸੈਂਕੜੇ ਸੇਵਾਮੁਕਤ ਜਵਾਨਾਂ ਵੱਲੋਂ ਪੈਨਸ਼ਨ ਦੀ ਸਹੂਲਤ ਨਾ ਮਿਲਣ ’ਤੇ ਮੁੱਖ ਮੰਤਰੀ ਦੀ ਕੋਠੀ ਨੇੜੇ ਜ਼ੀਰਕਪੁਰ-ਬਠਿੰਡਾ ਹਾਈਵੇਅ-7 ਕਰੀਬ ਛੇ ਘੰਟਿਆਂ ਤਕ ਜਾਮ ਰੱਖਿਆ ਗਿਆ। ਧਰਨਾਕਾਰੀ ਸੇਵਾਮੁਕਤੀ ਤੋਂ ਬਾਅਦ ਪੈਨਸ਼ਨ, ਭੱਤੇ, ਮੈਡੀਕਲ ਸਹੂਲਤ ਸਣੇ ਹੋਰ ਕੋਈ ਵੀ ਲਾਭ ਨਾ ਮਿਲਣ ਤੋਂ ਖਫ਼ਾ ਹਨ। ਉਨ੍ਹਾਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਹਾਈਵੇਅ ਦੇ ਦੋਵੇਂ ਪਾਸੇ ਧਰਨਾ ਦਿੰਦਿਆਂ ਉਨ੍ਹਾਂ ਆਵਾਜਾਈ ਮੁਕੰਮਲ ਠੱਪ ਰੱਖੀ। ਇਸ ਕਾਰਨ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਹੋਮ ਗਾਰਡ ਵੈੱਲਫੇਅਰ ਐਸੋਸੀਏਸ਼ਨ ਦੀ ਅਗਵਾਈ ਹੇਠ ਵੱਖ-ਵੱਖ ਜ਼ਿਲ੍ਹਿਆਂ ਤੋਂ ਸੇਵਾਮੁਕਤ ਜਵਾਨ ਇੱਥੇ ਹਾਈਵੇਅ ਦੇ ਪਟਿਆਲਾ ਬਾਈਪਾਸ ਓਵਰਬ੍ਰਿਜ ਹੇਠ ਇਕੱਠੇ ਹੋਏ। ਇਸ ਤੋਂ ਬਾਅਦ ਕੌਮੀ ਹਾਈਵੇਅ-7 ਉੱਪਰ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ। ਇਸ ਮੌਕੇ ਐਸੋਸੀਏਸ਼ਨ ਦੇ ਸੂਬਾ ਉਪ-ਪ੍ਰਧਾਨ ਮਿੱਠੂ ਸਿੰਘ ਤੇ ਜਨਰਲ ਸਕੱਤਰ ਅਮਰਜੀਤ ਸਿੰਘ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਹੋਮ ਗਾਰਡਜ਼ ਦੇ ਜਵਾਨ 30-32 ਸਾਲਾਂ ਤੋਂ ਪੰਜਾਬ ਪੁਲੀਸ ਦੇ ਮੋਢੇ ਨਾਲ ਮੋਢਾ ਲਗਾ ਕੇ ਡਿਊਟੀ ਕਰ ਰਹੇ ਹਨ। ਅਤਿਵਾਦ ਦੇ ਕਾਲੇ ਦੌਰ ’ਚ ਪੰਜਾਬ ਹੋਮ ਗਾਰਡਜ਼ ਦੇ 368 ਜਵਾਨ ਸ਼ਹੀਦ ਹੋ ਗਏ ਸਨ। ਉਨ੍ਹਾਂ ਕਿਹਾ ਕਿ ਹੋਮ ਗਾਰਡਜ਼ ਦੇ ਜਵਾਨਾਂ ਨੂੰ ਮਹੀਨਾਵਾਰ ਭੱਤੇ ਤੋਂ ਇਲਾਵਾ ਹੋਰ ਕੋਈ ਵੀ ਸਹੂਲਤ ਜਿਵੇਂ ਮੈਡੀਕਲ, ਛੁੱਟੀ, ਪੈਨਸ਼ਨ ਵਗੈਰਾ ਨਹੀਂ ਮਿਲਦੀ। ਉਨ੍ਹਾਂ ਦੱਸਿਆ ਕਿ ਉਹ ਪੰਜਾਬ ਦੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਮੰਗ ਪੱਤਰ ਦੇ ਚੁੱਕੇ ਹਨ ਪਰ ਹਾਲੇ ਤੱਕ ਕੋਈ ਹੱਲ ਨਹੀਂ ਹੋਇਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧਰਨਾਕਾਰੀਆਂ ਦੀ 24 ਅਪਰੈਲ ਨੂੰ ਕੈਬਨਿਟ ਸਬ-ਕਮੇਟੀ ਨਾਲ ਮੀਟਿੰਗ ਨਿਸ਼ਚਿਤ ਹੋਣ ਤੋਂ ਬਾਅਦ ਸ਼ਾਮ ਪੰਜ ਵਜੇ ਧਰਨਾ ਸਮਾਪਤ ਕੀਤਾ ਗਿਆ ਜਿਸ ਮਗਰੋਂ ਹਾਈਵੇਅ ’ਤੇ ਆਵਾਜਾਈ ਬਹਾਲ ਹੋਈ।
2 thoughts on “ਸੇਵਾਮੁਕਤ ਹੋਮ ਗਾਰਡਜ਼ ਵੱਲੋਂ ਕੌਮੀ ਮਾਰਗ ਜਾਮ”
Comments are closed.

Pingback: บริการจัดหาแม่บ้าน
Pingback: Volnewmer ราคา