ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਤਨਖ਼ਾਹ ਤਹਿਤ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਪੁੱਜੇ। ਉਨ੍ਹਾਂ ਤਖ਼ਤ ਸਾਹਿਬ ਅੱਗੇ ਚਰਨ ਕੁੰਡ ਕੋਲ ਸਵੇਰੇ 9 ਤੋਂ 10 ਵਜੇ ਤੱਕ ਪਹਿਰੇਦਾਰ ਵਜੋਂ ਸੇਵਾ ਨਿਭਾਈ। ਇਸ ਮਗਰੋਂ ਸੁਖਬੀਰ, ਬਲਵਿੰਦਰ ਸਿੰਘ ਭੂੰਦੜ, ਡਾ. ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ, ਸੁੱਚਾ ਸਿੰਘ ਲੰਗਾਹ ਅਤੇ ਗੁਲਜ਼ਾਰ ਸਿੰਘ ਰਣੀਕੇ ਨੇ ਇੱਕ ਘੰਟਾ ਕੀਰਤਨ ਸਵਰਣ ਕੀਤਾ। ਇਸ ਉਪਰੰਤ ਅਕਾਲੀ ਲੀਡਰਸ਼ਿਪ ਨੇ ਸਵੇਰੇ 11 ਤੋਂ ਦੁਪਹਿਰ 12 ਵਜੇ ਤੱਕ ਇੱਕ ਘੰਟਾ ਮਾਤਾ ਸੁੰਦਰ ਕੌਰ ਲੰਗਰ ਹਾਲ ਵਿੱਚ ਜੂਠੇ ਭਾਂਡੇ ਸਾਫ਼ ਕਰਨ ਦੀ ਸੇਵਾ ਕੀਤੀ। ਬਲਵਿੰਦਰ ਸਿੰਘ ਭੂੰਦੜ, ਡਾ. ਚੀਮਾ, ਗਾਬੜੀਆਂ, ਲੰਗਾਹ ਅਤੇ ਰਣੀਕੇ ਨੇ ਗੁਰੂ ਤੇਗ ਬਹਾਦਰ ਸਰਾਂ ਵਿੱਚ ਪਖਾਨੇ ਵੀ ਸਾਫ਼ ਕੀਤੇ। ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਜਨਰਲ ਸਕੱਤਰ ਸਤਿੰਦਰਪਾਲ ਸਿੰਘ ਸਿੱਧੂ, ਤੇਜਿੰਦਰ ਮਿੱਡੂ ਖੇੜਾ, ਰਵੀਪ੍ਰੀਤ ਸਿੰਘ ਸਿੱਧੂ, ਜਸਵਿੰਦਰ ਸਿੰਘ ਜੈਲਦਾਰ, ਦਿਲਰਾਜ ਸਿੰਘ ਭੂੰਦੜ ਤੋਂ ਇਲਾਵਾ ਹੋਰ ਅਕਾਲੀ ਆਗੂ ਤੇ ਵਰਕਰ ਸ਼ਾਮਲ ਸਨ। ਦੂਜੇ ਪਾਸੇ, ਇੱਥੇ ਪੁਲੀਸ ਅਤੇ ਸੂਹੀਆ ਤੰਤਰ ਵੱਲੋਂ ਇੱਥੇ ਆਉਣ ਵਾਲਿਆਂ ’ਤੇ ਬਾਜ਼ ਅੱਖ ਰੱਖੀ ਜਾ ਰਹੀ ਸੀ। ਸ਼੍ਰੋਮਣੀ ਕਮੇਟੀ ਵੱਲੋਂ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ।