ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ’ਤੇ 3 ਦਸੰਬਰ ਨੂੰ ਦਰਬਾਰ ਸਾਹਿਬ ਵਿੱਚ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਜਾਂਚ ’ਚ ਢਿੱਲ ਵਰਤਣ ਦੇ ਦੋਸ਼ ਲਾਉਂਦੇ ਹੋਏ ਨਰਾਇਣ ਸਿੰਘ ਚੌੜਾ ਨੂੰ ਜ਼ਮਾਨਤ ਦੇਣ ਦੀ ਨਿਖੇਧੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਏਜੰਸੀ (ਐੱਨਆਈਏ) ਤੋਂ ਕਰਵਾਈ ਜਾਵੇ ਅਤੇ ਘਟਨਾ ਦੇ ਪਿੱਛੇ ਸਾਜ਼ਿਸ਼ਕਾਰਾਂ ਨੂੰ ਬੇਨਕਾਬ ਕੀਤਾ ਜਾਵੇ। ਇੱਥੇ ਪਾਰਟੀ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅੰਮ੍ਰਿਤਸਰ ਪੁਲੀਸ ਨੇ ਜਾਣਬੁੱਝ ਕੇ ਮਾਮਲੇ ’ਚ ਸੁਖਬੀਰ ਸਿੰਘ ਬਾਦਲ ਦਾ ਬਿਆਨ ਦਰਜ ਨਹੀਂ ਕੀਤਾ। ਇਸ ਤੋਂ ਇਲਾਵਾ ਪੁਲੀਸ ਨੇ ਆਰਮਜ਼ ਐਕਟ ਦੀ ਧਾਰਾ 39 ਤਹਿਤ ਪ੍ਰਵਾਨਗੀ ਵੀ ਨਹੀਂ ਮੰਗੀ। ਇਸੇ ਕਰ ਕੇ ਨਰਾਇਣ ਸਿੰਘ ਚੌੜਾ ਨੂੰ ਸਾਢੇ ਤਿੰਨ ਮਹੀਨਿਆਂ ’ਚ ਜ਼ਮਾਨਤ ਮਿਲ ਗਈ। ਸ੍ਰੀ ਗਰੇਵਾਲ ਨੇ ਕਿਹਾ ਕਿ ਅਕਾਲੀ ਦਲ ਨੂੰ ਪੰਜਾਬ ਪੁਲੀਸ ’ਤੇ ਭਰੋਸਾ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਏਜੰਸੀ (ਐੱਨਆਈਏ) ਤੋਂ ਕਰਵਾਈ ਜਾਵੇ ਅਤੇ ਘਟਨਾ ਦੇ ਪਿੱਛੇ ਸਾਜ਼ਿਸ਼ਕਾਰਾਂ ਨੂੰ ਬੇਨਕਾਬ ਕੀਤਾ ਜਾਵੇ। ਡਾ. ਚੀਮਾ ਨੇ ਕਿਹਾ ਕਿ ਅਦਾਲਤ ਨੇ ਵੀ ਅੰਮ੍ਰਿਤਸਰ ਪੁਲੀਸ ਵੱਲੋਂ ਪੀੜਤ ਦਾ ਬਿਆਨ ਦਰਜ ਨਾ ਕਰਨ ਅਤੇ ਆਰਮਜ਼ ਐਕਟ ਤਹਿਤ ਪ੍ਰਵਾਨਗੀ ਨਾ ਮੰਗਣ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਏਜੰਸੀ ਤੋਂ ਕਰਵਾਈ ਜਾਵੇ।