ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਅਤੇ ਅਕਾਲ ਤਖ਼ਤ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜ ਸਿੰਘ ਸਾਹਿਬਾਨ ਦੇ ਫ਼ੈਸਲੇ ਨੂੰ ਸਾਜਿਸ਼ ਦੱਸਣ ਵਾਲਿਆਂ ਨੂੰ ਪੰਥ ਅਤੇ ਗੁਰੂ ਸਾਹਿਬ ਕਦੇ ਮੁਆਫ਼ ਨਹੀਂ ਕਰਨਗੇ। ਉਹ ਅੱਜ ਇੱਥੇ ਗੁਰਦੁਆਰਾ ਕਰਤਾਰਸਰ ਸਾਹਿਬ ਵਿੱਚ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ। ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਆਗੂ ਰਵਿੰਦਰ ਸਿੰਘ ਪੈਂਟਾ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਪੰਥ ਦਰਦੀਆਂ ਨੂੰ ਪੰਥ ਅਤੇ ਪੰਜਾਬ ਦੀ ਚਿੰਤਾ ਹੈ। ਸੱਤਾ ਹਾਸਲ ਕਰਨ ਵਾਲੇ ਲਾਲਚੀਆਂ ਨੇ ਪੰਜਾਬ ਨੂੰ ਲੁੱਟਿਆ ਹੀ ਨਹੀਂ ਗਿਆ ਸਗੋਂ ਪੰਥਕ ਪ੍ਰੰਪਰਾਵਾਂ ਦਾ ਵੀ ਘਾਣ ਕੀਤਾ ਹੈ। ਪੰਥ ਅਤੇ ਗੁਰੂ ਨਾਲ਼ ਮੱਥਾ ਲਾਉਣ ਵਾਲੇ ਅਸਲ ਵਿੱਚ ਫਟਕਾਰੇ ਹੋਏ ਲੋਕ ਹਨ, ਜਿਹੜੇ ਨਾ ਕੇਵਲ ਅਕਾਲ ਤਖ਼ਤ ਦੇ ਹੁਕਮਨਾਮੇ ਤੋਂ ਮੁਨਕਰ ਹੋਏ ਸਗੋਂ ਸਿਆਸੀ ਹਿੱਤਾਂ ਲਈ ਗ਼ਲਤ ਬਿਆਨਬਾਜ਼ੀ ਵੀ ਕਰ ਰਹੇ ਹਨ। ਸੁਖਬੀਰ ਬਾਦਲ ਨੇ ਆਪਣੇ ਪ੍ਰਧਾਨਗੀ ਕਾਲ ਵਿੱਚ ਟਕਸਾਲੀ ਅਕਾਲੀਆਂ ਨੂੰ ਪਾਰਟੀ ਵਿੱਚੋਂ ਕੱਢ ਕੇ ਰੇਤ, ਬਜਰੀ, ਕੇਬਲ, ਟਰਾਂਸਪੋਰਟ ਤੇ ਹੋਰ ਮਾਫ਼ੀਆ ਗਰੋਹਾਂ ਨੂੰ ਪਾਰਟੀ ਨਾਲ ਜੋੜਿਆ। ਉਨ੍ਹਾਂ ਦੋ ਦਸੰਬਰ ਦੇ ਹੁਕਮਨਾਮੇ ਨੂੰ ਘਰ-ਘਰ ਪਹੁੰਚਾਉਣ ਅਤੇ ਪੰਥ ਦੋਖੀਆਂ ਨੂੰ ਸਿੱਖ ਸਿਆਸਤ ਤੋਂ ਲਾਂਭੇ ਕਰਨ ਦਾ ਸੱਦਾ ਦਿੱਤਾ। ਸਾਬਕਾ ਸਪੀਕਰ ਰਵੀਇੰਦਰ ਸਿੰਘ ਦੁੱਮਣਾ ਨੇ ਕਿਹਾ ਕਿ ਦੋ ਦਸੰਬਰ ਨੂੰ ਅਕਾਲ ਤਖ਼ਤ ’ਤੇ ਸਿੰਘ ਸਾਹਿਬਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਸਿੱਧੇ ਸਵਾਲ ਕੀਤੇ ਅਤੇ ਉਹ ਸਾਰੀਆਂ ਗੁਸਤਾਖ਼ੀਆਂ ਨੂੰ ‘ਹਾਂ ਜੀ’ ਕਹਿ ਕੇ ਕਬੂਲ ਕਰਦੇ ਰਹੇ ਪਰ ਬਾਅਦ ਵਿੱਚ ਮੁੱਕਰ ਗਏ, ਜੋ ਬੰਦਾ ਅਕਾਲ ਤਖ਼ਤ ਸਾਹਮਣੇ ਸਭ ਕੁਝ ਮੰਨ ਕੇ ਮੁੱਕਰ ਸਕਦਾ ਹੈ, ਉਸ ਨੂੰ ਸਿੱਖ ਨਹੀਂ ਮੰਨਿਆ ਜਾ ਸਕਦਾ। ਅਰਵਿੰਦਰ ਸਿੰਘ ਪੈਂਟਾ ਨੇ ਹਲਕੇ ਵਿੱਚ ਚੱਲ ਰਹੇ ਕੰਮਾਂ ਅਤੇ ਪਾਰਟੀ ਦੀਆਂ ਗਤੀਵਿਧੀਆਂ ਸਬੰਧੀ ਜਾਣੂ ਕਰਵਾਇਆ। ਮੀਟਿੰਗ ਨੂੰ ਜ਼ਿਲ੍ਹਾ ਰੋਪੜ ਦੇ ਪ੍ਰਧਾਨ ਗੁਰਮੀਤ ਸਿੰਘ ਮਕੜੌਨਾ, ਗੁਰਮੀਤ ਸਿੰਘ ਰੋਪੜ, ਬਲਦੇਵ ਸਿੰਘ ਖਿਜ਼ਰਾਬਾਦ, ਬਾਬਾ ਦੀਪ ਸਿੰਘ, ਪ੍ਰੀਤਮ ਸਿੰਘ ਸੱਲੋਮਾਜਰਾ, ਜਥੇਦਾਰ ਮਨਜੀਤ ਸਿੰਘ ਮੁੰਧੋਂ, ਜਥੇਦਾਰ ਭਜਨ ਸਿੰਘ ਸ਼ੇਰਗਿੱਲ, ਹਰਬੰਸ ਸਿੰਘ ਕੰਧੋਲਾ, ਤੇਜਪਾਲ ਸਿੰਘ ਕੁਰਾਲੀ ਆਦਿ ਆਗੂਆਂ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਅਰਵਿੰਦਰ ਸਿੰਘ ਪੈਂਟਾ ਅਤੇ ਦਰਸ਼ਨ ਸਿੰਘ ਕੰਸਾਲਾ ਨੇ ਨਿਭਾਈ। ਮੀਟਿੰਗ ਵਿੱਚ ਬਲਬੀਰ ਸਿੰਘ, ਅਮਰਜੀਤ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਜ਼ੈਲਦਾਰ, ਭਾਗ ਸਿੰਘ ਰੋਪੜ, ਸੁਰਿੰਦਰ ਸਿੰਘ ਕਾਦੀਮਾਜਰਾ, ਪ੍ਰਿੰਸੀਪਲ ਸੁਪਿੰਦਰ ਸਿੰਘ, ਗੁਰਸੇਵਕ ਸਿੰਘ ਸਿੰਘਪੁਰਾ ਹਾਜ਼ਰ ਸਨ।
