ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਦੀ ਲਾਸਾਨੀ ਸ਼ਹਾਦਤ ਅਤੇ ਮਾਤਾ ਗੁਜਰੀ ਜੀ ਨੂੰ ਸਮਰਪਿਤ 3 ਰੋਜ਼ਾ ਸ਼ਹੀਦੀ ਸਭਾ ਦੇ ਅੱਜ ਅੰਤਿਮ ਦਿਨ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ’ਚ ਲੱਖਾਂ ਸ਼ਰਧਾਲੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ’ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਦੇ ਹੋਏ ਸ਼ਹੀਦਾਂ ਨੂੰ ਸਿਜਦਾ ਕੀਤਾ। ਅੱਜ ਦਿਨ ਸਮੇਂ ਭਾਰੀ ਠੰਢ ਤੋਂ ਇਲਾਵਾ ਸੰਘਣੀ ਧੁੰਦ ਵੀ ਛਾਈ ਰਹੀ ਜਿਸ ਦੇ ਬਾਵਜੂਦ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਨਗਰ ਕੀਰਤਨ ਵਿੱਚ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਅਕੀਦਤ ਭੇਟ ਕੀਤੀ। ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਜਥੇਬੰਦੀਆਂ, ਧਾਰਮਿਕ ਸਭਾ ਸੁਸਾਇਟੀਆਂ ਅਤੇ ਸੰਗਤ ਦੇ ਸਹਿਯੋਗ ਨਾਲ ਪਰੰਪਰਾ ਅਨੁਸਾਰ ਸ਼ਹੀਦੀ ਨਗਰ ਕੀਰਤਨ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਜਪੁਜੀ ਸਾਹਿਬ ਦੇ ਪਾਠ ਮਗਰੋਂ ਆਰੰਭ ਹੋਇਆ। ਇਹ ਸ਼ਹੀਦੀ ਨਗਰ ਕੀਰਤਨ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਪਹੁੰਚ ਕੇ ਕੀਰਤਨ ਸੋਹਿਲਾ ਦੇ ਪਾਠ ਉਪਰੰਤ ਅਰਦਾਸ ਨਾਲ ਸੰਪੂਰਨ ਹੋਇਆ। ਨਗਰ ਕੀਰਤਨ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ, ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਬਾਬਾ ਨਿਹਾਲ ਸਿੰਘ ਅਤੇ ਦਲ ਬਾਬਾ ਬਿਧੀ ਚੰਦ ਸੰਪਰਦਾ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਸਣੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਆਸਾ ਦੀ ਵਾਰ ਦਾ ਕੀਰਤਨ ਹੋਇਆ ਤੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਨੇ ਸਾਹਿਬਜ਼ਾਦਿਆਂ ਦੇ ਜੀਵਨ ਇਤਿਹਾਸ ਸਬੰਧੀ ਵਿਚਾਰ ਕੀਤੀ। ਉਪਰੰਤ ਸੰਗਤੀ ਰੂਪ ’ਚ ਜਪੁਜੀ ਸਾਹਿਬ ਦੇ ਪਾਠ ਮਗਰੋਂ ਗਿਆਨੀ ਹਰਪਾਲ ਸਿੰਘ ਨੇ ਅਰਦਾਸ ਕੀਤੀ ਅਤੇ ਹੁਕਮਨਾਮਾ ਸੱਚਖੰਡ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਨੇ ਸਰਵਣ ਕਰਵਾਇਆ। ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੰਜ ਪਿਆਰਿਆਂ ਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾਓ ਭੇਟ ਕੀਤੇ। ਨਗਰ ਕੀਰਤਨ ਵਿਚ ਗੱਤਕਾ ਅਖਾੜਿਆਂ ਨੇ ਸਿੱਖ ਮਾਰਸ਼ਲ ਆਰਟ ਗਤਕੇ ਜੌਹਰ ਦਿਖਾਉਂਦਿਆਂ ਸਾਹਿਬਜ਼ਾਦਿਆਂ ਨੂੰ ਸਤਿਕਾਰ ਭੇਟ ਕੀਤਾ। ਨਗਰ ਕੀਰਤਨ ਸਮਾਪਤੀ ਸਮੇਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਗੁਰਮਤਿ ਸਮਾਗਮ ’ਚ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ। ਨਗਰ ਕੀਰਤਨ ਵਿੱਚ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ, ਦਲਜੀਤ ਸਿੰਘ ਭਿੰਡਰ, ਬਲਦੇਵ ਸਿੰਘ ਕਾਇਮਪੁਰ, ਮੈਂਬਰ ਅਵਤਾਰ ਸਿੰਘ ਰਿਆ, ਗੁਰਪ੍ਰੀਤ ਸਿੰਘ ਰੰਧਾਵਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਜਥੇਦਾਰ ਕਰਨੈਲ ਸਿੰਘ ਪੰਜੋਲੀ, ਸਤਵਿੰਦਰ ਸਿੰਘ ਟੌਹੜਾ, ਸਾਬਕਾ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ, ਬਾਬਾ ਹਰੀ ਸਿੰਘ ਰੰਧਾਵਾ, ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਸੰਸਦ ਮੈਂਬਰ ਡਾ. ਅਮਰ ਸਿੰਘ, ਬਾਬਾ ਸੁਖਦੇਵ ਸਿੰਘ ਬੁਲਾਰਾ ਦਮਦਮੀ ਟਕਸਾਲ, ਗਿਆਨੀ ਪ੍ਰਣਾਮ ਸਿੰਘ, ਮੀਤ ਸਕੱਤਰ ਗੁਰਨਾਮ ਸਿੰਘ, ਮੈਨੇਜਰ ਭਗਵੰਤ ਸਿੰਘ ਧੰਗੇੜਾ, ਅਵਤਾਰ ਸਿੰਘ ਸੈਂਪਲਾ, ਇੰਚਾਰਜ ਸਿਮਰਜੀਤ ਸਿੰਘ ਕੰਗ, ਚੀਫ ਜਗਦੀਸ਼ ਸਿੰਘ ਬੁੱਟਰ, ਮੈਨੇਜਰ ਗੁਰਦੀਪ ਸਿੰਘ ਕੰਗ, ਰਾਜਿੰਦਰਪਾਲ ਸਿੰਘ ਟੌਹੜਾ, ਗੁਰਪ੍ਰੀਤ ਸਿੰਘ ਮੱਲੇਵਾਲ ਤੇ ਅਵਤਾਰ ਸਿੰਘ ਹਾਜ਼ਰ ਸਨ।
