ਸ਼੍ਰੋਮਣੀ ਕਮੇਟੀ ਦੀਆਂ ਜ਼ਮੀਨਾਂ ਵੇਚਣ ਦੇ ਮਾਮਲੇ ਦੀ ਜਾਂਚ ਹੋਵੇ: ਹਰਪ੍ਰੀਤ ਸਿੰਘ

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ੋਮਣੀ ਕਮੇਟੀ ਦੀਆਂ ਜ਼ਮੀਨਾਂ ਵੇਚਣ ਦੇ ਰੁਝਾਨ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਮੰਗ ਕੀਤੀ ਕਿ 1999 ਤੋਂ ਲੈ ਕੇ ਹੁਣ ਤੱਕ ਜ਼ਮੀਨਾਂ ਵੇਚਣ ਤੇ ਖਰੀਦਣ ਸਬੰਧੀ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ। ਉਹ ਅੱਜ ਇਥੇ ਪਾਰਟੀ ਦੀ ਵਰਕਿੰਗ ਕਮੇਟੀ ਮੈਂਬਰਾਂ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਵਾਸਤੇ ਪੁੱਜੇ ਸਨ। ਪਾਰਟੀ ਦੇ ਮੁੱਖ ਦਫਤਰ ਵਿੱਚ ਹੋਈਆਂ ਮੀਟਿੰਗਾਂ ਦੌਰਾਨ ਪਾਰਟੀ ਦਾ ਯੂਥ ਵਿੰਗ ਅਤੇ ਇਸਤਰੀ ਵਿੰਗ ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪਾਰਟੀ ਦਾ ਵਿਸਥਾਰ ਕਰਨ ਅਤੇ ਇਸ ਨੂੰ ਜ਼ਮੀਨੀ ਪੱਧਰ ਤੱਕ ਲਿਜਾਣ ਬਾਰੇ ਵੀ ਚਰਚਾ ਕੀਤੀ ਗਈ। ਮੀਟਿੰਗ ਵਿੱਚ ਪੰਥਕ ਅਤੇ ਪੰਜਾਬ ਨਾਲ ਜੁੜੇ ਮੁੱਦਿਆਂ ’ਤੇ ਵੀ ਚਰਚਾ ਹੋਈ। ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਜੇ ਸ਼੍ੋਮਣੀ ਕਮੇਟੀ ਵੱਲੋਂ ਜ਼ਮੀਨਾਂ ਸਸਤੇ ਭਾਅ ਵੇਚਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਤਾਂ ਇਸ ਵਿੱਚ ਵੱਡਾ ਘਪਲਾ ਸਾਹਮਣੇ ਆਵੇਗਾ। ਗੁਰਦੁਆਰਿਆਂ ਦੀਆਂ ਜ਼ਮੀਨਾਂ ਆਪਣੇ ਬੰਦਿਆਂ ਨੂੰ ਸਸਤੇ ਭਾਅ ਵੇਚ ਦਿੱਤਾ ਜਾਂਦਾ ਹੈ ਅਤੇ ਮੁੜ ਮਹਿੰਗੇ ਭਾਅ ’ਤੇ ਖਰੀਦਿਆ ਜਾਂਦਾ ਹੈ। ਸ਼੍ੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਹੋਲੇ ਮਹੱਲੇ ਮੌਕੇ ਤਿੰਨ ਮਾਰਚ ਨੂੰ ਅਨੰਦਪੁਰ ਸਾਹਿਬ ਵਿੱਚ ਪੰਥਕ ਕਾਨਫਰੰਸ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਅਜੈਪਾਲ ਸਿੰਘ ਮੀਰਾਂਕੋਟ, ਕਰਨੈਲ ਸਿੰਘ ਪੀਰ ਮੁਹੰਮਦ, ਜਗਜੀਤ ਸਿੰਘ ਕੋਹਲੀ ਤੇ ਹੋਰ ਸ਼ਾਮਲ ਸਨ।

Scroll to Top