ਹਲਕਾ ਲੁਧਿਆਣਾ ਪੱਛਮੀ ਦੀ ਉਪ ਚੋਣ ਦੇ ਨਤੀਜੇ ਸ਼੍ਰੋਮਣੀ ਅਕਾਲੀ ਦਲ ਲਈ ਅੱਖਾਂ ਖੋਲ੍ਹਣ ਵਾਲੇ ਹਨ। ਸੁਖਬੀਰ ਸਿੰਘ ਬਾਦਲ ਦੇ ਮੁੜ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਸੰਭਾਲਣ ਮਗਰੋਂ ਇਹ ਪਹਿਲੀ ਸਿਆਸੀ ਪ੍ਰੀਖਿਆ ਸੀ ਜਿਸ ’ਚ ਪਾਰਟੀ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦੀ ਜ਼ਮਾਨਤ ਜ਼ਬਤ ਹੋ ਗਈ ਹੈ ਅਤੇ ਉਨ੍ਹਾਂ ਨੂੰ ਮਹਿਜ਼ 8203 ਵੋਟਾਂ (9.1 ਫ਼ੀਸਦੀ) ਮਿਲੀਆਂ ਹਨ। ਇਸ ਹਲਕੇ ’ਚ ਪਾਰਟੀ ਚੌਥੇ ਨੰਬਰ ’ਤੇ ਆਈ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਹਲਕੇ ’ਚ ਪੂਰੀ ਵਾਹ ਲਾਈ ਸੀ ਪ੍ਰੰਤੂ ਪਾਰਟੀ ਦਾ ਉਮੀਦਵਾਰ ਪਿਛਲੀ 2022 ਦੀ ਵਿਧਾਨ ਸਭਾ ਚੋਣ ਨਾਲੋਂ ਵੀ ਹੇਠਾਂ ਆ ਗਿਆ ਹੈ। 2022 ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ 10,072 ਵੋਟਾਂ ਮਿਲੀਆਂ ਸਨ। ਵਿਧਾਨ ਸਭਾ ਦੀਆਂ 1977 ਤੋਂ ਹੁਣ ਤੱਕ ਦਸ ਵਿਧਾਨ ਸਭਾ ਚੋਣਾਂ ’ਤੇ ਨਜ਼ਰ ਮਾਰੀਏ ਤਾਂ ਅਕਾਲੀ ਦਲ ਦੋ ਵਾਰ ਇਸ ਹਲਕੇ ਤੋਂ ਜਿੱਤਿਆ ਹੈ। 2007 ਵਿੱਚ ਪਾਰਟੀ ਉਮੀਦਵਾਰ ਹਰੀਸ਼ ਰਾਏ ਢਾਂਡਾ ਨੇ 57.0 ਫ਼ੀਸਦੀ ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਸੀ। 1997 ਵਿੱਚ ਮਹੇਸ਼ਇੰਦਰ ਸਿੰਘ ਗਰੇਵਾਲ ਇਸ ਹਲਕੇ ਤੋਂ 55.2 ਫ਼ੀਸਦੀ ਵੋਟਾਂ ਲੈ ਕੇ ਜਿੱਤੇ ਸਨ। ਮੌਜੂਦਾ ਉਪ ਚੋਣ ’ਚ ਪਾਰਟੀ ਨੇ ਹੁਣ ਤੱਕ ਦੀਆਂ ਸਾਰੀਆਂ ਚੋਣਾਂ ਤੋਂ ਘੱਟ ਵੋਟਾਂ ਲਈਆਂ ਹਨ। ਦੱਸਦੇ ਹਨ ਕਿ ਪਾਰਟੀ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦਾ ਨਿੱਜੀ ਰਸੂਖ਼ ਹੀ ਬਹੁਤਾ ਕੰਮ ਆਇਆ ਹੈ। ਚੋਣ ਪ੍ਰਚਾਰ ਦੌਰਾਨ ਅਕਾਲੀ ਦਲ ਵਿੱਚ ਘਰ ਵਾਪਸੀ ਕਰਨ ਵਾਲੇ ਆਗੂ ਸਿਕੰਦਰ ਸਿੰਘ ਮਲੂਕਾ ਅਤੇ ਸੋਹਣ ਸਿੰਘ ਠੰਡਲ ਵੀ ਵੋਟ ਬੈਂਕ ’ਤੇ ਕੋਈ ਅਸਰ ਨਹੀਂ ਪਾ ਸਕੇ। ਸਿਆਸੀ ਮਾਹਿਰ ਆਖਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਲਈ ਪੀੜ੍ਹੀ ਹੇਠ ਸੋਟਾ ਫੇਰਨ ਦਾ ਵੇਲਾ ਹੈ। ਇਸ ਚੋਣ ਨਤੀਜੇ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਭਾਜਪਾ ਦੇ ਪਿੱਛੇ ਚੱਕਰ ਕੱਟਣ ਦੀ ਸੰਭਾਵਨਾ ਵਧਾ ਦਿੱਤੀ ਹੈ। ਪਾਰਟੀ ਲੀਡਰਸ਼ਿਪ ਅੰਦਰੋਂ ਮਹਿਸੂਸ ਕਰਨ ਲੱਗੀ ਹੈ ਕਿ ਭਾਜਪਾ ਨਾਲ ਗੱਠਜੋੜ ਕੀਤੇ ਬਿਨਾਂ ਬੇੜੀ ਬੰਨੇ ਨਹੀਂ ਲੱਗਣੀ। ਸ਼੍ਰੋਮਣੀ ਅਕਾਲੀ ਦਲ ਲਈ ਬੁਰੇ ਦਿਨ 2017 ਤੋਂ ਹੀ ਸ਼ੁਰੂ ਹੋ ਗਏ ਸਨ ਜਦੋਂ ਕਿ ਪਾਰਟੀ ਦੀ ਝੋਲੀ ਸਿਰਫ਼ 15 ਸੀਟਾਂ ਪਈਆਂ ਸਨ। 2022 ਦੀਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਕੋਲ ਤਿੰਨ ਵਿਧਾਇਕ ਹੀ ਰਹਿ ਗਏ ਸਨ। ਇਸ ਹਾਰ ਮਗਰੋਂ ਪਾਰਟੀ ਨੇ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ’ਚ ਕਮੇਟੀ ਬਣਾਈ ਪ੍ਰੰਤੂ ਇਸ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਦਰਕਿਨਾਰ ਕਰ ਦਿੱਤਾ ਗਿਆ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦਾ ਵੋਟ ਸ਼ੇਅਰ ਸਿਰਫ਼ 13.42 ਫ਼ੀਸਦੀ ਰਹਿ ਗਿਆ ਜੋ ਕਿ ਸਾਲ 2019 ਦੀਆਂ ਚੋਣਾਂ ਵੇਲੇ 27.45 ਫ਼ੀਸਦੀ ਸੀ। ਲੋਕ ਸਭਾ ਚੋਣਾਂ 2024 ’ਚ ਪਾਰਟੀ ਦੇ 10 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। ਇਸ ਖ਼ੌਫ਼ ’ਚ ਪਾਰਟੀ ਨੇ ਚਾਰ ਸੀਟਾਂ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਦੀ ਉਪ ਚੋਣ ਹੀ ਨਹੀਂ ਲੜੀ। ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਪਾਰਟੀ ਨੇ ਬਸਪਾ ਦੀ ਹਮਾਇਤ ਕੀਤੀ ਅਤੇ ਇਸ ਦੇ ਬਾਵਜੂਦ ਬਸਪਾ ਉਮੀਦਵਾਰ ਬਿੰਦਰ ਕੁਮਾਰ ਲਾਖਾ ਨੂੰ 734 ਵੋਟਾਂ ਮਿਲੀਆਂ। ਸੰਗਰੂਰ ਲੋਕ ਸਭਾ ਦੀ ਉਪ ਚੋਣ ’ਚ ਪਾਰਟੀ ਉਮੀਦਵਾਰ ਕਮਲਦੀਪ ਕੌਰ ਰਾਜੋਆਣਾ ਨੂੰ 6.24 ਫ਼ੀਸਦੀ ਵੋਟ ਮਿਲੇ ਅਤੇ ਪਾਰਟੀ ਚੌਥੇ ਨੰਬਰ ’ਤੇ ਰਹੀ। ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ’ਚ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਕੁਮਾਰ ਸੁੱਖੀ ਨੂੰ 17.85 ਫ਼ੀਸਦੀ ਵੋਟ ਮਿਲੇ ਜੋ ਤੀਜੇ ਨੰਬਰ ’ਤੇ ਰਿਹਾ। ਮੌਜੂਦਾ ਉਪ ਚੋਣ ’ਚ ਸ਼੍ਰੋਮਣੀ ਅਕਾਲੀ ਦਲ ਤਾਂ ਭਾਜਪਾ ਨਾਲੋਂ ਵੀ ਪਛੜ ਗਿਆ ਹੈ। ਸੰਗਰੂਰ ਲੋਕ ਸਭਾ ਉਪ ਚੋਣ ’ਚ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਅਕਾਲੀ ਦਲ ਤੋਂ ਅੱਗੇ ਨਿਕਲ ਗਿਆ ਸੀ। ਸਾਲ 2017 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਗਰਾਫ਼ ਦੀ ਨਿਵਾਣ ਨੂੰ ਠੱਲ੍ਹ ਹੀ ਨਹੀਂ ਪੈ ਰਹੀ ਹੈ। ਮੌਜੂਦਾ ਉਪ ਚੋਣ ਦੇ ਨਤੀਜੇ ਮਗਰੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਗੱਠਜੋੜ ਬਹਾਲ ਹੋਣ ਦੇ ਮੌਕੇ ਵੱਧ ਜਾਣੇ ਹਨ।