ਸ਼੍ਰੋਮਣੀ ਅਕਾਲੀ ਦਲ ਦੀ ਚੋਣ ਮੁਹਿੰਮ ਦੇ ਪਹਿਲੇ ਪੜਾਅ ਲਈ ਬਿਗਲ ਵਜਾਉਂਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਦੀਆਂ ਵਿਖੇ ਪਾਰਟੀ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਦੇ ਪ੍ਰਬੰਧ ਹੇਠ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜੋ ਤੂਫਾਨ ਦਿੱਲੀ ਆਧਾਰਿਤ ਸਾਰੀਆਂ ਪਾਰਟੀਆਂ ਨੂੰ ਪੰਜਾਬ ਵਿਚੋਂ ਬਾਹਰ ਕਰ ਦੇਵੇਗਾ, ਉਹ ਸ਼ੁਰੂ ਹੋ ਗਿਆ ਹੈ। ਉਨ੍ਹਾਂ ਨੇ ਕਿਸਾਨਾਂ ਦੀ ਭਲਾਈ, ਦਰਿਆਵਾਂ ’ਤੇ ਪੱਕੇ ਬੰਨ੍ਹ, ਕਮਜ਼ੋਰ ਵਰਗਾਂ ਲਈ ਅਪਗ੍ਰੇਡਿਡ ਭਲਾਈ ਸਕੀਮਾਂ, ਨੌਜਵਾਨਾਂ ਲਈ 10 ਲੱਖ ਰੁਪਏ ਵਿਆਜ ਰਹਿਤ ਕਰਜ਼, ਸਰਕਾਰੀ ਨੌਕਰੀਆਂ ਸਿਰਫ ਪੰਜਾਬੀਆਂ ਨੂੰ ਦੇਣ ਅਤੇ ਗੈਂਗਸਟਰਵਾਦ ਤੇ ਨਸ਼ਾ ਮਾਫੀਆ ਖ਼ਤਮ ਕਰਨ ਸਮੇਤ ਅਨੇਕਾਂ ਭਲਾਈ ਸਕੀਮਾਂ ਦੇ ਵਾਅਦਿਆਂ ਦੀ ਝੜੀ ਲਗਾ ਦਿੱਤੀ। ਸ੍ਰੀ ਬਾਦਲ ਨੇ ਭਗਵੰਤ ਮਾਨ ਨੂੰ ਭ੍ਰਿਸ਼ਟ ਮੁੱਖ ਮੰਤਰੀ ਦੱਸਿਆ ਤੇ ਕਿਹਾ ਕਿ ਉਸ ਨੇ ਆਸਟਰੇਲੀਆ ਵਿਚ 2500 ਏਕੜ ਜ਼ਮੀਨ ਬਣਾ ਲਈ ਹੈ ਤੇ ਉਹ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਾਮਲੇ ਵਿਚ ਸਮਝੌਤੇ ਵਾਸਤੇ ਪੱਬਾਂ ਭਾਰ ਹੈ। ਕੇਂਦਰ ਨੇ ਭਗਵੰਤ ਮਾਨ ਖ਼ਿਲਾਫ਼ ਫਾਈਲ ਤਿਆਰ ਕੀਤੀ ਹੈ, ਜਿਸ ਕਾਰਨ ਉਹ ਦਰਿਆਈ ਪਾਣੀ ਹਰਿਆਣਾ ਨੂੰ ਦੇਣ ਲਈ ਮਜਬੂਰ ਹੈ ਪਰ ਪਾਣੀ ਦੀ ਇਕ ਬੂੰਦ ਵੀ ਸੂਬੇ ਵਿਚੋਂ ਬਾਹਰ ਨਹੀਂ ਜਾਣ ਦਿਆਂਗੇ। ਉਨ੍ਹਾਂ ਕਿਹਾ ‘ਆਪ’ ਨੇ ਪੰਜਾਬ ਵਿਚ ਰਾਜਿੰਦਰ ਗੁਪਤਾ ਅਤੇ ਅਸ਼ੋਕ ਮਿੱਤਲ ਵਰਗਿਆਂ ਨੂੰ ਰਾਜ ਸਭਾ ਸੀਟਾਂ ਵੇਚੀਆਂ ਹਨ। ਉਨ੍ਹਾਂ ਅਕਾਲੀ ਦਲ ਵੱਲੋਂ ਵਿਸਾਖੀ ਤੋਂ ਪਹਿਲਾਂ ਕੀਤੀਆਂ ਜਾਣ ਵਾਲੀਆਂ 40 ਰੈਲੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਹੁਣ ਤੂਫਾਨ ਦੀ ਸ਼ੁਰੂਆਤ ਹੋ ਗਈ ਹੈ, ਜੋ 40 ਦਿਨਾਂ ਵਿਚ ਸੁਨਾਮੀ ਵਿਚ ਬਦਲ ਜਾਵੇਗਾ। ਅੱਜ ਦੀ ਰੈਲੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬੀ 2027 ਵਿਚ ਅਕਾਲੀ ਦਲ ਦੀ ਵਾਪਸੀ ਲਈ ਪੱਬਾਂ ਭਾਰ ਹਨ। ਸ੍ਰੀ ਬਾਦਲ ਨੇ ਕਿਹਾ, ‘‘ਤੁਸੀਂ ਮੈਨੂੰ ਪੰਜ ਸਾਲ ਦਿਓ ਅਤੇ ਮੈਂ ਪੰਜਾਬ ਨੂੰ ਮੁੜ ਸ਼ਾਂਤੀ, ਤਰੱਕੀ ਤੇ ਖੁਸ਼ਹਾਲੀ ਦੇ ਰਾਹ ’ਤੇ ਲੈ ਕੇ ਜਾਵਾਂਗਾ।’’ ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਉਨ੍ਹਾਂ ਨੂੰ ਅਗਲੀ ਅਕਾਲੀ ਦਲ ਦੀ ਸਰਕਾਰ ਬਣਨ ਦੇ ਇਕ ਹਫਤੇ ਦੇ ਅੰਦਰ-ਅੰਦਰ ਕੁਨੈਕਸ਼ਨ ਦਿੱਤੇ ਜਾਣਗੇ। ਆਟਾ-ਦਾਲ ਸਕੀਮ ਮੁੜ ਸ਼ੁਰੂ ਕੀਤੀ ਜਾਵੇਗੀ ਅਤੇ ਆਟਾ 4 ਰੁਪਏ ਕਿੱਲੋ ਤੇ ਦਾਲ 20 ਰੁਪਏ ਕਿੱਲੋ ਦੇ ਰੇਟ ’ਤੇ ਦਿੱਤੀ ਜਾਵੇਗੀ। ਨਵੀਂਆਂ ਨੌਕਰੀਆਂ ਤੇ ਰੁਜ਼ਗਾਰ ਦੇ ਮੌਕਿਆਂ ਵਾਸਤੇ ਨੌਜਵਾਨਾਂ ਤੇ ਸਾਰੇ ਨਵੇਂ ਉਦਯੋਗਾਂ ਵਿਚ ਪੰਜਾਬੀ ਨੌਜਵਾਨਾਂ ਵਾਸਤੇ 75 ਫੀਸਦੀ ਰਾਖਵਾਂਕਰਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਕਾਦੀਆਂ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਹਲਕੇ ਦੇ ਮਸਲੇ ਚੁੱਕੇ। ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਾਬਕਾ ਮੰਤਰੀ ਪੰਜਾਬ ਹੀਰਾ ਸਿੰਘ ਗਾਬੜੀਆ, ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ, ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ, ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਸਾਬਕਾ ਵਿਧਾਇਕ ਦੇਸ਼ ਰਾਜ ਧੁੱਗਾ, ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ, ਜਰਨੈਲ ਸਿੰਘ ਮਾਹਲ, ਸੁਰਜੀਤ ਸਿੰਘ ਤੁਗਲਵਾਲਾ, ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਰਮਨਦੀਪ ਸਿੰਘ ਸੰਧੂ, ਕਵਲਜੀਤ ਸਿੰਘ ਚਾਹਲ, ਸ਼ਮਸ਼ੇਰ ਸਿੰਘ ਚੀਮਾ ਬਟਾਲਾ, ਸੰਨੀ ਲੋਧੀਨੰਗਲ, ਨਰੇਸ਼ ਮਹਾਜਨ ਬਟਾਲਾ, ਲਖਵਿੰਦਰ ਸਿੰਘ ਘੁੰਮਣ, ਬੀਬੀ ਸ਼ਰਨਜੀਤ ਕੌਰ ਜੀਂਦੜ, ਰਾਜਨਬੀਰ ਸਿੰਘ ਘੁਮਾਣ, ਡਾਕਟਰ ਗੁਰਨੇਕ ਸਿੰਘ ਹਰਚੋਵਾਲ, ਅਜੀਤ ਸਿੰਘ ਰਾਣਾ ਰਾਏਚੱਕ, ਰੌਣਕੀ ਰਾਮ ਆਲੋਵਾਲ, ਬਲਵੰਤ ਸਿੰਘ ਬਿੱਧੀਪੁਰ ਤੇ ਦਲੇਰ ਸਿੰਘ ਤਿੱਖਾਥੇਹ ਆਗੂਆਂ ਤੋਂ ਇਲਾਵਾ ਹਲਕੇ ਦੇ ਲੋਕ ਅਤੇ ਬੀਬੀਆਂ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ।
