ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਸਕੀਮ ਵਿਰੁੱਧ ਆਪਣੀ ਮੁਹਿੰਮ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਅਕਾਲੀ ਦਲ ਨੇ ਫੈਸਲਾ ਕੀਤਾ ਹੈ ਕਿ ਸਕੀਮ ਵਾਪਸ ਹੋਣ ਤੱਕ ਸਰਕਾਰ ਖਿਲਾਫ਼ ਰੋਸ ਧਰਨਿਆਂ ਦਾ ਦੌਰ ਜਾਰੀ ਰਹੇਗਾ। ਇਸੇ ਤਰ੍ਹਾਂ ਅਕਾਲੀ ਦਲ ਨੇ ਸੂਬੇ ਵਿਚ ਵਰਕਰਾਂ ਨੂੰ ਲਾਮਬੰਦ ਕਰਨ ਲਈ ‘ਮਾਣ ਅਕਾਲੀ ਹੋਣ ’ਤੇ’ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਕੋਰ ਕਮੇਟੀ ਦੀ ਮੀਟਿੰਗ ਵਿਚ ਲੈਂਡ ਪੂਲਿੰਗ ਪਾਲਸੀ ਨੂੰ ਲੈ ਕੇ 4 ਅਗਸਤ ਨੂੰ ਬਠਿੰਡਾ ਅਤੇ 11 ਅਗਸਤ ਨੂੰ ਪਟਿਆਲਾ ਵਿਚ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ। ਇਸੇ ਤਰ੍ਹਾਂ ਸਾਰੇ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਧਰਨੇ ਦਿੱਤੇ ਜਾਣਗੇ। ਇਹ ਫੈਸਲੇ ਪਾਰਟੀ ਦੀ ਕੋਰ ਕਮੇਟੀ, ਜ਼ਿਲ੍ਹਾ ਪ੍ਰਧਾਨਾਂ ਅਤੇ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਲਏ ਗਏ। ਜਾਣਕਾਰੀ ਅਨੁਸਾਰ ਕੋਰ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਜੀਜਾ ਗੁਰਵਿੰਦਰ ਸਿੰਘ ਦੇ ਅਕਾਲ ਚਲਾਣੇ ’ਤੇ ਦੋ ਮਿੰਟ ਦਾ ਮੌਨ ਰੱਖ ਕੇ ਦੁੱਖ ਪ੍ਰਗਟ ਕੀਤਾ ਗਿਆ। ਇਸੇ ਤਰ੍ਹਾਂ ਮੈਰਾਥਨ ਦੌੜਾਕ ਫੌਜਾ ਸਿੰਘ ਦੇ ਸਦੀਵੀਂ ਵਿਛੋੜੇ ’ਤੇ ਵੀ ਡੂੰਘਾ ਦੁੱਖ ਪ੍ਰਗਟ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ। ਅਕਾਲੀ ਦਲ ਨੇ ’ਮੈਨੂੰ ਮਾਣ ਅਕਾਲੀ ਹੋਣ ’ਤੇ’ ਰਾਜ ਪੱਧਰੀ ਮੁਹਿੰਮ ਸ਼ੁਰੂ ਕੀਤੀ। ਬਾਦਲ ਨੇ ਪਾਰਟੀ ਵਰਕਰਾਂ ਦੇ ਵਾਹਨਾਂ ਵਾਸਤੇ ਸਟਿੱਕਰ ਵੀ ਜਾਰੀ ਕੀਤੇ ਤੇ ਵਰਕਰਾਂ ਤੇ ਪਾਰਟੀ ਸਮਰਥਕਾਂ ਵੱਲੋਂ ਘਰਾਂ ’ਤੇ ਲਗਾਏ ਜਾਣ ਵਾਲੇ ਝੰਡੇ ਵੀ ਜਾਰੀ ਕੀਤੇ। ਬਾਦਲ ਨੇ ਦੱਸਿਆ ਕਿ ਇਹ ਮੁਹਿੰਮ ਅਕਾਲੀ ਦਲ ਦੇ ਉਭਾਰ ਵਿਰੁੱਧ ਸਾਜ਼ਿਸ਼ਾਂ ਨੂੰ ਬੇਨਕਾਬ ਕਰੇਗੀ ਅਤੇ ਹਰ ਘਰ ਤੇ ਹਰ ਪਿੰਡ, ਕਸਬੇ ਤੇ ਸ਼ਹਿਰ ਵਿਚ ਅਕਾਲੀ ਦਲ ਦਾ ਉਭਾਰ ਨਜ਼ਰ ਆਵੇਗਾ। ਮੀਟਿੰਗ ਵਿਚ ਸਿੱਖ ਲੜਕੀ ਗੁਰਪ੍ਰੀਤ ਕੌਰ ਨੂੰ ਜੈਪੁਰ ਵਿਚ ਰਾਜਸਥਾਨ ਜੁਡੀਸ਼ੀਅਲ ਸੇਵਾਵਾਂ ਪ੍ਰੀਖਿਆ ਵਿਚ ਬੈਠਣ ਤੋਂ ਰੋਕਣ ਦੀ ਵੀ ਸਖ਼ਤ ਨਿਖੇਧੀ ਕੀਤੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਸਮੇਤ ਹੋਰ ਪਵਿੱਤਰ ਧਾਰਮਿਕ ਤੇ ਇਤਿਹਾਸਕ ਪ੍ਰੋਗਰਾਮਾਂ ਅਤੇ 9 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ’ਤੇ ਇਤਿਹਾਸ ਕਾਨਫਰੰਸ ਕਰਨ ਲਈ ਰੂਪ ਰੇਖਾ ਉਲੀਕੀ ਗਈ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀਨਗਰ ਵਿਚ ਹੋਏ ਪ੍ਰੋਗਰਾਮ ਵਿਚ ਹੋਈ ਬੇਅਦਬੀ ਲਈ ਮੁਆਫੀ ਮੰਗਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਮੁੱਖ ਮੰਤਰੀ ਨੇ ਤਾਂ ਘਟਨਾ ’ਤੇ ਅਫਸੋਸ ਵੀ ਜ਼ਾਹਰ ਨਹੀਂ ਕੀਤਾ । ਉਹਨਾਂ ਦੱਸਿਆ ਕਿ ਅਕਾਲੀ ਦਲ 20 ਅਗਸਤ ਨੂੰ ਆਪਣੇ ਮਰਹੂਮ ਪ੍ਰਧਾਨ ਤੇ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਦੇ ਮਸੀਹਾ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 40ਵਾਂ ਸ਼ਹੀਦੀ ਦਿਹਾੜਾ ਮਨਾਵੇਗਾ। ਪਾਰਟੀ 15 ਅਗਸਤ ਨੂੰ ਸ਼ਹੀਦ ਕਰਨੈਲ ਸਿੰਘ ਈਸੜੂ ਜੀ ਦੇ ਸਨਮਾਨ ਵਿਚ ਈਸੜੂ ਵਿਖੇ ਸਾਲਾਨਾ ਕਾਨਫਰੰਸ ਆਯੋਜਿਤ ਕਰੇਗੀ।