ਸ਼੍ਰੋਮਣੀ ਅਕਾਲੀ ਦਲ ਨੇ ‘ਆਪ’ ਦਾ ਥਾਣੇ ਦੇ ਅੱਗੇ ਧਰਨਾ ਲਾਉਣ ’ਤੇ ਉਡਾਇਆ ਮਖੌਲ, ਕਿਹਾ- ਸਾਰੀ ਵਜ਼ਾਰਤ ਨੂੰ ਅਸਤੀਫ਼ਾ ਦੇ ਦੇਣਾ ਚਾਹੀਦੈ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਦੇ ਸੂਬਾਈ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਹੇਠ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ਼ ਕਾਰਵਾਈ ਦੀ ਮੰਗ ਲਈ ਪੁਲਿਸ ਥਾਣੇ ਦੇ ਬਾਹਰ ਧਰਨਾ ਲਾਉਣ ਦਾ ਮਖੌਲ ਉਡਾਇਆ ਹੈ। ਚੀਮਾ ਨੇ ਕਿਹਾ ਕਿ ਜੇਕਰ ਹੁਕਮਰਾਨ ਧਿਰ ਖਾਸ ਕਰਕੇ ਅਮਨ ਅਰੋੜਾ ਨੂੰ ਹੀ ਧਰਨੇ ਲਾਉਣੇ ਪੈ ਰਹੇ ਹਨ ਤਾਂ ਫਿਰ ਆਮ ਆਦਮੀ ਨਿਆਂ ਦੀ ਕੋਈ ਉਮੀਦ ਨਹੀਂ ਰੱਖ ਸਕਦਾ। ਚੀਮਾ ਨੇ ਕਿਹਾ ਕਿ ਅਜਿਹੇ ਡਰਾਮੇ ਕਰਨ ਦੀ ਬਜਾਏ ਆਪ ਦੀ ਸਰਕਾਰ ਨੂੰ ਸੂਬੇ ਵਿਚ ਕਾਨੂੰਨ ਵਿਵਸਥਾ ਸੁਧਾਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਸੂਬੇ ਦਾ ਮੰਤਰੀ ਪੁਲਿਸ ਖਿਲਾਫ਼ ਧਰਨਾ ਦੇਵੇ ਤਾਂ ਇਸਦਾ ਮਤਲਬ ਹੈ ਕਿ ਸੂਬੇ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਅਜਿਹੇ ਹਾਲਾਤ ਵਿਚ ਸਾਰੀ ਵਜ਼ਾਰਤ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਚੀਮਾ ਨੇ ਕਿਹਾ ਕਿ ਪੰਜਾਬ ਵਿਚ ਐਮਰਜੈਂਸੀ ਵਰਗੇ ਹਾਲਾਤ ਬਣਾ ਦਿੱਤੇ ਗਏ ਹਨ। ਜਿਹੜੇ ਆਗੂ ਸਰਕਾਰ ਦੇ ਖਿਲਾਫ ਬੋਲਦੇ ਹਨ, ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬਾਜਵਾ ਇਸਦੀ ਤਾਜ਼ਾ ਉਦਾਹਰਣ ਹਨ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਨੂੰ ਯਕੀਨ ਹੈ ਕਿ ਹੁਣ ਹੋਰ ਧਮਾਕੇ ਨਹੀਂ ਹੋਣਗੇ ਤਾਂ ਉਹਨਾਂ ਨੂੰ ਸੂਬੇ ਨੂੰ ਸਪੱਸ਼ਟ ਕਰ ਦੇਣਾ ਚਾਹੀਦਾ ਹੈ ਕਿ ਜੇਕਰ ਅਜਿਹੀ ਕੋਈ ਘਟਨਾ ਮੁੜ ਵਾਪਰੀ ਤਾਂ ਉਹ ਅਸਤੀਫਾ ਦੇ ਦੇਣਗੇ। ਉਹਨਾਂ ਕਿਹਾ ਕਿ ਪਰ ਅਜਿਹਾ ਕਰਨ ਦੀ ਥਾਂ ਤੁਸੀਂ ਤਾਂ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਹੀ ਕੇਸ ਦਰਜ ਕਰ ਦਿੱਤਾ।

Scroll to Top