ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਪਾਕਿਸਤਾਨ ਦੇ ਲਾਹੌਰ ਸਥਿਤ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਮਨਾਉਣ ਲਈ ਲਗਪਗ 500 ਤੋਂ ਵੱਧ ਸਿੱਖ ਸ਼ਰਧਾਲੂਆਂ ਦਾ ਜੱਥਾ ਅੱਜ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਪੁੱਜ ਗਿਆ, ਜਿਨ੍ਹਾਂ ਦਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਕਿਸਤਾਨ ਔਕਾਫ ਬੋਰਡ ਦੇ ਅਧਿਕਾਰੀਆਂ ਵੱਲੋਂ ਸਵਾਗਤ ਕੀਤਾ ਗਿਆ। ਅੱਜ ਸਵੇਰੇ ਸਿੱਖ ਸ਼ਰਧਾਲੂਆਂ ਦਾ ਜਥਾ ਸ਼੍ੋਮਣੀ ਕਮੇਟੀ ਦਫਤਰ ਤੋਂ ਖਾਲਸਾਈ ਪਰੰਪਰਾਵਾਂ ਅਤੇ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ, ਵਧੀਕ ਸਕੱਤਰ ਬਿਜੇ ਸਿੰਘ, ਜਸਵਿੰਦਰ ਸਿੰਘ ਜੱਸੀ, ਭਗਵੰਤ ਸਿੰਘ ਧੰਗੇੜਾ ਵੱਲੋਂ ਜਥੇ ਦੀ ਅਗਵਾਈ ਕਰ ਰਹੇ ਮੈਂਬਰਾਂ ਤੇ ਹੋਰਨਾਂ ਨੂੰ ਸਿਰਪਾਓ ਭੇਟ ਕੀਤੇ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼੍ਰੋਮਣੀ ਕਮੇਟੀ ਵੱਲੋਂ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਦੀ ਅਗਵਾਈ ਸ਼੍ੋਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਕਰ ਰਹੇ ਹਨ। ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ ਨੇ ਦੱਸਿਆ ਕਿ ਇਹ ਜਥਾ ਅੱਜ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪੁੱਜੇਗਾ, ਜਿਥੋਂ 11 ਜੂਨ ਨੂੰ ਗੁਰਦੁਆਰਾ ਸੱਚਾ ਸੌਦਾ ਸਾਹਿਬ, ਸ਼ੇਖੂਪੁਰਾ ਜਾਵੇਗਾ। 12 ਜੂਨ ਨੂੰ ਇਹ ਜਥਾ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਵੇਗਾ, ਜਿਥੋਂ 14 ਜੂਨ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪੁੱਜੇਗਾ। 15 ਜੂਨ ਨੂੰ ਜਥਾ ਗੁਰਦੁਆਰਾ ਸ੍ਰੀ ਰੋੜੀ ਸਾਹਿਬ ਐਮਨਾਬਾਦ ਦੇ ਦਰਸ਼ਨ ਦੀਦਾਰ ਕਰਨ ਉਪਰੰਤ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਵਿਖੇ ਪੁੱਜੇਗਾ, ਜਿਥੇ 16 ਜੂਨ ਨੂੰ ਸ਼ਹੀਦੀ ਸਮਾਗਮਾਂ ਸਬੰਧੀ ਸ੍ਰੀ ਅਖੰਡ ਪਾਠ ਦੀ ਆਰੰਭਤਾ ਹੋਵੇਗੀ। 18 ਜੂਨ ਨੂੰ ਜਥਾ ਸ਼ਹੀਦੀ ਸਮਾਗਮਾਂ ਵਿਚ ਸ਼ਮੂਲੀਅਤ ਕਰੇਗਾ ਅਤੇ 19 ਜੂਨ ਨੂੰ ਜਥੇ ਦੀ ਦੇਸ਼ ਵਾਪਸੀ ਹੋਵੇਗੀ। ਪਾਕਿਸਤਾਨੀ ਹਾਈ ਕਮਿਸ਼ਨ ਵੱਲੋਂ ਸ਼ਹੀਦੀ ਪੁਰਬ ਮਨਾਉਣ ਲਈ ਪਾਕਿਸਤਾਨ ਜਾਣ ਵਾਸਤੇ 700 ਤੋਂ ਵੱਧ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ ਕੀਤੇ ਗਏ ਹਨ, ਜਿਸ ਵਿੱਚ 541 ਸ਼ਰਧਾਲੂ ਸ਼੍ੋਮਣੀ ਕਮੇਟੀ ਦੇ ਹਨ ਪਰ ਅੱਜ ਸਿਰਫ 514 ਸ਼ਰਧਾਲੂ ਹੀ ਪਾਕਿਸਤਾਨ ਗਏ ਹਨ। ਸ਼ਰਧਾਲੂਆਂ ਨੂੰ ਦਸ ਦਿਨ ਦਾ ਵੀਜ਼ਾ ਦਿੱਤਾ ਗਿਆ ਹੈ।
