ਸਰਕਾਰੀ ਏਜੰਸੀਆਂ ਨੂੰ ਰਾਜਨੀਤੀ ਲਈ ਵਰਤ ਰਹੀ ਭਾਜਪਾ: ਮੁੱਖ ਮੰਤਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਭਾਜਪਾ ਕੋਲ ਈ.ਡੀ, ਸੀ.ਬੀ.ਆਈ, ਇਨਕਮ ਟੈਕਸ, ਚੋਣ ਕਮਿਸ਼ਨਰ ਆਦਿ 4/5 ਅਜਿਹੇ ਹਥਿਆਰ ਹਨ ਜਿੰਨ੍ਹਾਂ ਨੂੰ ਭਾਜਪਾ ਰਾਜਨੀਤੀ ਕਰਨ ਵਾਸਤੇ ਵਰਤ ਰਹੀ ਹੈ ਪਰੰਤੂ ਇਹ ਹਥਿਆਰ ਪੰਜਾਬ ਵਿਚ ਨਹੀਂ ਚੱਲਣੇ। ਸ੍ਰੀ ਮਾਨ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਟਿਕਾਣਿਆਂ ਉਪਰ ਈ.ਡੀ.ਦੀ ਛਾਪੇਮਾਰੀ ਦੇ ਵਿਰੋਧ ਚ ਬੁਲਾਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਭਾਜਪਾ ਈ.ਡੀ.ਦੀ ਛਾਪੇਮਾਰੀ ਕਰਵਾ ਕੇ ਧਮਕਾਉਂਦੀ ਹੈ ਕਿ ਭਾਜਪਾ ਜੁਆਇੰਨ ਕਰ ਲਓ, ਫਿਰ ਸਭ ਕੁੱਝ ਮਾਫ਼ ਹੈ। ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਕਾਰੋਬਾਰ ਉਪਰ ਦੋ ਦਿਨ ਛਾਪੇਮਾਰੀ ਚੱਲੀ ਅਤੇ ਤੀਜੇ ਦਿਨ ਅਸ਼ੋਕ ਮਿੱਤਲ ਭਾਜਪਾ ਚ ਸ਼ਾਮਲ ਹੋ ਗਏ। ਕਮਾਲ ਦੀ ਗੱਲ ਕਿ ਨਾਲ ਸਨਮਾਨ ਵੀ ਦਿੰਦੇ ਹਨ। ਮਿੱਤਲ ਨੂੰ ਵਾਈ ਪਲੱਸ ਸਕਿਊਰਟੀ ਵੀ ਦੇ ਦਿੱਤੀ। ਸ੍ਰੀ ਮਾਨ ਨੇ ਕਿਹਾ ਕਿ ਉਹ ਮੋਦੀ ਅਤੇ ਸ਼ਾਹ ਨੂੰ ਦੱਸਣਾ ਚਾਹੁੰਦੇ ਹਨ ਕਿ ਇਹ ਪੰਜਾਬ ਹੈ, ਗਿੱਦੜ ਧਮਕੀਆਂ ਤੋਂ ਡਰਨ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੋਦੀ ਨੂੰ ਇੱਕ ਵਾਰ ਤਿੰਨ ਕਾਲੇ ਖੇਤੀ ਕਾਨੂੰਨਾਂ ਮੌਕੇ ਪੰਜਾਬੀਆਂ ਅੱਗੇ ਝੁਕਣਾ ਪਿਆ ਸੀ ਅਤੇ ਮੁਆਫ਼ੀ ਵੀ ਮੰਗੀ ਸੀ। ਸ਼ਾਇਦ ਉਦੋਂ ਦਾ ਹੀ ਦਰਦ ਮਨ ਵਿਚ ਰੱਖੀ ਬੈਠੇ ਹਨ। ਸ੍ਰੀ ਮਾਨ ਨੇ ਕਿਹਾ ਕਿ ਪੱਛਮੀ ਬੰਗਾਲ ਵਿਚ ਭਾਜਪਾ ਸਰਕਾਰ ਨੇ ਅੱਜ ਸਹੁੰ ਚੁੱਕਣੀ ਹੈ ਪਰੰਤੂ ਬੰਗਾਲ ਵਿਚ ਪਿਛਲੇ ਕਈ ਦਿਨਾਂ ਤੋਂ ਅੱਗ ਲੱਗੀ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੋ ਫਿਰਕਿਆਂ ਨੂੰ ਲੜਾਉਣਾ ਇਨ੍ਹਾਂ ਦਾ ਕੰਮ ਕਰਨ ਦਾ ਤਰੀਕਾ ਹੈ ਪਰੰਤੂ ਨਫਰ਼ਤ ਦੀ ਰਾਜਨੀਤੀ ਪੰਜਾਬ ਵਿਚ ਨਹੀਂ ਚੱਲਣੀ। ਜੇ ਕੋਈ ਪੰਜਾਬ ਵੱਲ ਮੈਲੀ ਅੱਖ ਨਾਲ ਵੇਖੇਗਾ ਤਾਂ ਪੰਜਾਬੀ ਅੱਖ ਕੱਢ ਲੈਂਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਈ.ਡੀ. ਦੇ ਛਾਪਿਆਂ ਨਾਲ ਚੋਣਾਂ ਦੀ ਤਿਆਰੀ ਕਰਦੇ ਹਨ।  ਉਨ੍ਹਾਂ ਬੀ.ਜੇ.ਪੀ. ਨੂੰ ਭਾਰਤ ਜਲਾਓ ਪਾਰਟੀ ਕਰਾਰ ਦਿੰਦਿਆਂ ਚਿਤਾਵਨੀ ਦਿੱਤੀ ਕਿ ਅਜਿਹੀ ਖੇਡ ਪੰਜਾਬ ਨਾਲ ਨਾ ਖੇਡੋ ਕਿਉਂਕਿ ਪੰਜਾਬੀ ਲੋਕਤੰਤਰ ਦਾ ਘਾਣ ਨਹੀਂ ਹੋਣ ਦੇਣਗੇ। ਬੇਅਦਬੀ ਖਿਲਾਫ਼ ਬਣਾਏ ਸਖਤ ਕਾਨੂੰਨ ਦੇ ਸਬੰਧ ਵਿਚ ਡਿਪਟੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਤਲਬ ਕਰਨ ਬਾਰੇ ਸ੍ਰੀ ਮਾਨ ਨੇ ਕਿਹਾ ਕਿ ਜੁਲਾਈ-2007 ਵਿਚ ਐੱਸ.ਜੀ.ਪੀ.ਸੀ. ਨੇ ਮਤਾ ਪਾਸ ਕਰਕੇ ਕਾਨੂੰਨ ਬਣਾਉਣ ਦਾ ਅਧਿਕਾਰ ਪੰਜਾਬ ਸਰਕਾਰ ਨੂੰ ਦਿੱਤਾ ਸੀ ਪਰੰਤੂ ਉਹ ਹੁਣ ਕਾਨੂੰਨ ਦਾ ਵਿਰੋਧ ਕਰ ਰਹੇ ਹਨ। ਇਸ ਮੌਕੇ ਮੀਡੀਆ ਸਲਾਹਕਾਰ ਬਲਤੇਜ ਸਿੰਘ ਪਨੂੰ ਅਤੇ ਵਿਧਾਇਕ ਨਰਿੰਦਰ ਕੌਰ ਭਰਾਜ ਵੀ ਮੌਜੂਦ ਸਨ।

Scroll to Top