ਲੁਧਿਆਣਾ ਵਿੱਚ ਪੰਜਾਬੀ ਗਾਇਕਾ ਇੰਦਰ ਕੌਰ ਉਰਫ਼ ਯਸ਼ਿੰਦਰ ਕੌਰ (29) ਦਾ ਕਤਲ ਕਰ ਦਿੱਤਾ ਗਿਆ ਹੈ, ਅੱਜ ਉਸ ਦੀ ਲਾਸ਼ ਨੀਲੋਂ ਨਹਿਰ ਵਿੱਚੋਂ ਮਿਲੀ ਹੈ। ਵੇਰਵਿਆਂ ਅਨੁਸਾਰ ਇੰਦਰ ਨੂੰ ਛੇ ਦਿਨ ਪਹਿਲਾਂ ਬੰਦੂਕ ਦੀ ਨੋਕ ‘ਤੇ ਅਗਵਾ ਕੀਤਾ ਗਿਆ ਸੀ ਅਤੇ ਉਸ ਦਾ ਪਰਿਵਾਰ ਉਸ ਦੀ ਭਾਲ ਕਰ ਰਿਹਾ ਸੀ। ਪਰਿਵਾਰ ਨੇ ਦੱਸਿਆ ਕਿ ਮੋਗਾ ਦਾ ਇੱਕ ਵਿਅਕਤੀ ਉਸ ‘ਤੇ ਵਿਆਹ ਕਰਨ ਲਈ ਦਬਾਅ ਪਾ ਰਿਹਾ ਸੀ। ਜਦੋਂ ਉਸ ਨੇ ਮਨ੍ਹਾ ਕਰ ਦਿੱਤਾ, ਤਾਂ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ 13 ਮਈ ਨੂੰ ਬੰਦੂਕ ਦੀ ਨੋਕ ‘ਤੇ ਉਸ ਨੂੰ ਅਗਵਾ ਕਰ ਲਿਆ ਸੀ। ਮੁਲਜ਼ਮ ਸੁਖਵਿੰਦਰ ਸਿੰਘ ਨੇ ਮਹਿਲਾ ਦਾ ਕਤਲ ਕਰ ਦਿੱਤਾ ਅਤੇ ਫਿਰ ਉਸ ਦੀ ਲਾਸ਼ ਨਹਿਰ ਵਿੱਚ ਸੁੱਟ ਦਿੱਤੀ ਅਤੇ ਖ਼ੁਦ ਕੈਨੇਡਾ ਫ਼ਰਾਰ ਹੋ ਗਿਆ। ਸੂਤਰਾਂ ਨੇ ਦੱਸਿਆ ਕਿ ਤਿੰਨ ਸਾਲ ਪਹਿਲਾਂ ਇੰਸਟਾਗ੍ਰਾਮ ‘ਤੇ ਦੋਵਾਂ ਦੀ ਦੋਸਤੀ ਹੋਈ ਸੀ, ਪਰ ਜਿਵੇਂ ਹੀ ਇੰਦਰ ਨੂੰ ਪਤਾ ਲੱਗਿਆ ਕਿ ਮੁਲਜ਼ਮ ਵਿਆਹਿਆ ਹੋਇਆ ਹੈ ਅਤੇ ਉਸ ਦੇ ਬੱਚੇ ਹਨ, ਤਾਂ ਉਸ ਨੇ ਉਸ ਨਾਲ ਵਿਆਹ ਕਰਨ ਤੋਂ ਨਾਂਹ ਕਰ ਦਿੱਤੀ, ਜਿਸ ਕਾਰਨ ਮੁਲਜ਼ਮ ਖ਼ਾਰ ਖਾਣ ਲੱਗ ਪਿਆ। ਪੁਲੀਸ ਨੇ ਮ੍ਰਿਤਕਾ ਦੀ ਲਾਸ਼ ਨੂੰ ਨਹਿਰ ਵਿੱਚੋਂ ਕੱਢ ਕੇ ਪੋਸਟਮਾਰਟਮ ਲਈ ਸਮਰਾਲਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਇੰਦਰ ਦੇ ਮਾਤਾ-ਪਿਤਾ ਅਤੇ ਦੋ ਭਰਾ ਵਿਦੇਸ਼ ਰਹਿੰਦੇ ਹਨ ਜਦੋਂ ਕਿ ਉਸ ਦਾ ਇੱਕ ਭਰਾ ਜਮਾਲਪੁਰ, ਲੁਧਿਆਣਾ ਵਿੱਚ ਰਹਿੰਦਾ ਹੈ। ਗਾਇਕਾ ਦੇ ਭਰਾ ਜੋਤਿੰਦਰ ਸਿੰਘ ਨੇ ਦੱਸਿਆ ਕਿ ਇੰਦਰ ਕੌਰ 13 ਮਈ ਨੂੰ ਸ਼ਾਮ ਕਰੀਬ 6:30 ਵਜੇ ਆਪਣੀ ਚਿੱਟੇ ਰੰਗ ਦੀ ਫੋਰਡ ਫਿਗੋ ਕਾਰ ਲੈ ਕੇ ਬਾਜ਼ਾਰ ਤੋਂ ਘਰ ਦਾ ਸਮਾਨ ਖਰੀਦਣ ਲਈ ਨਿਕਲੀ ਸੀ, ਪਰ ਉਹ ਕਦੇ ਘਰ ਵਾਪਸ ਨਹੀਂ ਪਰਤੀ। ਜਦੋਂ ਲੜਕੀ ਵਾਪਸ ਨਹੀਂ ਆਈ, ਤਾਂ ਪਰਿਵਾਰ ਨੇ ਆਪਣੇ ਪੱਧਰ ‘ਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਉਨ੍ਹਾਂ ਨੂੰ ਪਤਾ ਲੱਗਿਆ ਕਿ ਯਸ਼ਿੰਦਰ ਦੀ ਮੋਗਾ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨਾਮ ਦੇ ਵਿਅਕਤੀ ਨਾਲ ਦੋਸਤੀ ਸੀ। 13 ਮਈ ਦੀ ਰਾਤ ਨੂੰ ਸੁਖਵਿੰਦਰ ਸਿੰਘ ਉਰਫ਼ ਸੁੱਖਾ, ਉਸ ਦੇ ਪਿਤਾ ਪ੍ਰੀਤਮ ਸਿੰਘ, ਉਸ ਦੇ ਦੋਸਤ ਕਰਮਜੀਤ ਸਿੰਘ ਅਤੇ ਕਈ ਹੋਰ ਅਣਪਛਾਤੇ ਸਾਥੀਆਂ ਨੇ ਯਸ਼ਿੰਦਰ ਕੌਰ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਬੰਦੂਕ ਦੀ ਨੋਕ ‘ਤੇ ਅਗਵਾ ਕਰ ਲਿਆ। ਮ੍ਰਿਤਕਾ ਦੇ ਭਰਾ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਉਰਫ਼ ਸੁੱਖਾ, ਯਸ਼ਿੰਦਰ ਕੌਰ ‘ਤੇ ਵਿਆਹ ਲਈ ਦਬਾਅ ਪਾ ਰਿਹਾ ਸੀ ਅਤੇ ਸੁੱਖਾ ਦਾ ਪਿਤਾ ਪ੍ਰੀਤਮ ਸਿੰਘ ਇਸ ਕੋਸ਼ਿਸ਼ ਵਿੱਚ ਉਸ ਦਾ ਸਾਥ ਦੇ ਰਿਹਾ ਸੀ। ਇਸ ਦੌਰਾਨ ਯਸ਼ਿੰਦਰ ਨੂੰ ਪਤਾ ਲੱਗ ਚੁੱਕਾ ਸੀ ਕਿ ਸੁਖਵਿੰਦਰ ਪਹਿਲਾਂ ਹੀ ਵਿਆਹਿਆ ਹੋਇਆ ਹੈ ਅਤੇ ਉਸ ਦੇ ਬੱਚੇ ਹਨ, ਇਸ ਲਈ ਉਹ ਵਿਆਹ ਅੱਗੇ ਵਧਾਉਣ ਤੋਂ ਸਾਫ਼ ਇਨਕਾਰ ਕਰ ਰਹੀ ਸੀ। ਏ.ਸੀ.ਪੀ. ਇੰਦਰਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਪਹਿਲਾਂ ਹੀ ਲਾਸ਼ ਦੀ ਭਾਲ ਕਰ ਰਹੀ ਸੀ। ਕੁਝ ਦਿਨ ਪਹਿਲਾਂ ਨੀਲੋਂ ਨਹਿਰ ਵਿੱਚੋਂ ਮਹਿਲਾ ਦੀ ਕਾਰ ਮਿਲੀ ਸੀ ਅਤੇ ਲਾਸ਼ ਦਾ ਪਤਾ ਲਗਾਉਣ ਲਈ ਗੋਤਾਖੋਰ ਪਹਿਲਾਂ ਹੀ ਤਾਇਨਾਤ ਕੀਤੇ ਗਏ ਸਨ। ਅੱਜ ਸਵੇਰੇ ਗੋਤਾਖੋਰਾਂ ਵੱਲੋਂ ਲਾਸ਼ ਦੇਖੇ ਜਾਣ ਤੋਂ ਬਾਅਦ ਪਰਿਵਰਕ ਮੈਂਬਰਾਂਨੂੰ ਬੁਲਾਇਆ ਗਿਆ ਜਿਨ੍ਹਾਂ ਨੇ ਮ੍ਰਿਤਕਾ ਦੀ ਪਛਾਣ ਕੀਤੀ। ਏ.ਸੀ.ਪੀ. ਨੇ ਅੱਗੇ ਕਿਹਾ, ‘‘ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੁਖਵਿੰਦਰ ਨੇ ਮਹਿਲਾ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਸੀ ਅਤੇ ਫਿਰ ਲਾਸ਼ ਤੇ ਉਸ ਦੀ ਕਾਰ ਨੂੰ ਨਹਿਰ ਵਿੱਚ ਸੁੱਟ ਦਿੱਤਾ ਸੀ। ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।’’
